ਪੰਜਾਬ ਡੈਸਕ : ਪੰਜਾਬ 'ਚ ਹੁਣ ਇਕ ਹੋਰ ਵਿਧਾਇਕ ਦੀ ਸੀਟ ਖਾਲੀ ਹੋ ਗਈ ਹੈ, ਜਿਸ ਕਾਰਨ ਹੁਣ ਪੰਜਾਬ 'ਚ 4 ਦੀ ਬਜਾਏ 5 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਣਗੀਆਂ। ਦੱਸ ਦੇਈਏ ਕਿ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਡਾ: ਸੁਖਵਿੰਦਰ ਸਿੰਘ ਸੁੱਖੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਮੁਤਾਬਕ ਉਹ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇਣਗੇ। ਫਿਲਹਾਲ ਅਸਤੀਫੇ ਦੀ ਪ੍ਰਕਿਰਿਆ ਕੁਝ ਦਿਨਾਂ ਬਾਅਦ ਹੋਵੇਗੀ।
ਬੰਗਾ ਤੋਂ ਵਿਧਾਨ ਸਭਾ ਸੀਟ ਖਾਲੀ ਹੁੰਦੇ ਹੀ ਪੰਜਾਬ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣਗੀਆਂ। ਇਸ ਦੌਰਾਨ ਦੋਆਬੇ ਵਿੱਚ ਅਕਾਲੀ ਦਲ ਦਾ ਕੋਈ ਵੀ ਵਿਧਾਇਕ ਨਹੀਂ ਬਚਿਆ ਹੈ। ਪਾਰਟੀ ਲਈ ਇਹ ਵੱਡਾ ਝਟਕਾ ਹੈ। ਦੱਸ ਦਈਏ ਕਿ ਲੋਕ ਸਭਾ 'ਚ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਪੰਜਾਬ ਦੀਆਂ ਕਈ ਵਿਧਾਨ ਸਭਾ ਸੀਟਾਂ ਖਾਲੀ ਹੋ ਗਈਆਂ ਸਨ, ਜਿਨ੍ਹਾਂ 'ਚ ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਸੰਸਦ ਮੈਂਬਰ ਬਣੇ ਸਨ, ਬਰਨਾਲਾ ਸੀਟ ਤੋਂ ਜਿੱਥੋਂ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਡੇਰਾ ਬਾਬਾ ਨਾਨਕ ਜਿਥੋਂ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਅਤੇ ਚੱਬੇਵਾਲ (ਹੁਸ਼ਿਆਰਪੁਰ) ਤੋਂ ਸੰਸਦ ਮੈਂਬਰ ਚੁਣੇ ਗਏ, ਜਿੱਥੋਂ ਦੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਕਾਂਗਰਸ 'ਚ ਆਮ ਆਦਮੀ 'ਚ ਸ਼ਾਮਲ ਹੋ ਕੇ ਸੰਸਦ ਮੈਂਬਰ ਚੁਣੇ ਗਏ।
ਜਾਣਕਾਰੀ ਅਨੁਸਾਰ ਪੰਜਾਬ ਦੀਆਂ ਉਪਰੋਕਤ 5 ਸੀਟਾਂ 'ਤੇ ਜਲਦੀ ਹੀ ਚੋਣਾਂ ਹੋ ਸਕਦੀਆਂ ਹਨ। ਫਿਲਹਾਲ ਚੋਣ ਕਮਿਸ਼ਨ ਨੇ ਇਸ ਸਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਸਤੰਬਰ ਜਾਂ ਅਕਤੂਬਰ ਵਿੱਚ ਹਰਿਆਣਾ ਵਿੱਚ ਚੋਣਾਂ ਦਾ ਐਲਾਨ ਹੋ ਜਾਵੇਗਾ, ਉਦੋਂ ਹੀ ਪੰਜਾਬ ਦੀਆਂ ਉਕਤ ਸੀਟਾਂ ’ਤੇ ਚੋਣਾਂ ਕਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਹਿਮਾਚਲ ਜ਼ਿਮਨੀ ਚੋਣਾਂ ਦੇ ਨਾਲ-ਨਾਲ ਜਲੰਧਰ ਪੱਛਮੀ ਸੀਟ ਦੀ ਜ਼ਿਮਨੀ ਚੋਣ ਵੀ ਹੋਈ ਸੀ।