ਸਿੱਧਵਾਂ ਬੇਟ : ਰੱਖੜੀ 'ਤੇ ਸਾਮਾਨ ਖਰੀਦਣ ਲਈ ਪਿੰਡ ਤੋਂ ਸ਼ਹਿਰ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਲੀਲਾ ਮੇਘ ਸਿੰਘ ਵਾਸੀ ਦੋ ਭੈਣਾਂ ਦਾ ਭਰਾ ਕੁਲਵਿੰਦਰ ਸਿੰਘ (30) ਮੋਟਰਸਾਈਕਲ ’ਤੇ ਸਵਾਰ ਹੋ ਕੇ ਜਗਰਾਉਂ ਤੋਂ ਸਾਮਾਨ ਲੈਣ ਜਾ ਰਿਹਾ ਸੀ। ਰਸਤੇ ਵਿੱਚ ਜਗਰਾਉਂ-ਸਿਧਵਾਂ ਬੇਟ ਰੋਡ ’ਤੇ ਸਵੱਦੀ ਖੁਰਦ ਨੇੜੇ ਜਗਰਾਉਂ ਵੱਲੋਂ ਆ ਰਹੀ ਇੱਕ ਫੋਰਡ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਕੁਲਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਗਰਾਓਂ ਦੇ ਮੁਖੀ ਸੁਰਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਮੌਕੇ ’ਤੇ ਪੁੱਜ ਗਈ। ਉਨ੍ਹਾਂ ਮ੍ਰਿਤਕ ਕੁਲਵਿੰਦਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸਾਗ੍ਰਸਤ ਵਾਹਨ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਥਾਣਾ ਮੁਖੀ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੱਖੜੀ ਦੇ ਪਵਿੱਤਰ ਦਿਨ ਉਸ ਦੀਆਂ ਦੋਵੇਂ ਭੈਣਾਂ ਭਰਾ ਕੁਲਵਿੰਦਰ ਨੂੰ ਰੱਖੜੀ ਬੰਨ੍ਹਣ ਆਈਆਂ ਸਨ। ਇਸ ਹਾਦਸੇ ਨਾਲ ਜਿੱਥੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ, ਉੱਥੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।

