ਫਰੀਦਕੋਟ : ਜ਼ਿਲ੍ਹਾ ਪੁਲੀਸ ਨੇ ਨੇੜਲੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿੱਚ ਇੱਕ ਬਜ਼ੁਰਗ ਪਿਆਰਾ ਸਿੰਘ ਦੇ ਕਤਲ ਦੀ ਗੁੱਥੀ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ ਅਤੇ ਮ੍ਰਿਤਕ ਦੀ ਪਤਨੀ ਗਿਆਨ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੀ ਸੀਨੀਅਰ ਪੁਲੀਸ ਕਪਤਾਨ ਡਾ: ਪ੍ਰਗਿਆ ਜੈਨ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 11 ਅਗਸਤ ਨੂੰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ’ਤੇ ਉਨ੍ਹਾਂ ਪੁਲੀਸ ਪਾਰਟੀਆਂ ਸਮੇਤ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਉਸ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਸਬੂਤ ਵੀ ਇਕੱਠੇ ਕੀਤੇ ਗਏ ਐਸ.ਐਸ.ਪੀ ਡਾ.ਪ੍ਰਗਿਆ ਜੈਨ ਨੇ ਅੱਗੇ ਦੱਸਿਆ ਕਿ ਪੁਲਿਸ ਪਾਰਟੀਆਂ ਦੀ ਸਖ਼ਤ ਮਿਹਨਤ ਸਦਕਾ 12 ਘੰਟਿਆਂ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਇਸ ਮੰਤਵ ਲਈ ਉਨ੍ਹਾਂ ਡੀ.ਐਸ.ਪੀ. ਸ਼ਮਸ਼ੇਰ ਸਿੰਘ, ਡੀ.ਐਸ.ਪੀ. ਸੰਜੀਵ ਕੁਮਾਰ, ਐੱਸ.ਪੀ. ਜਸਮੀਤ ਸਿੰਘ, ਐੱਸ.ਐੱਚ.ਓ. ਸਾਦਿਕ ਅਤੇ ਇੰਚਾਰਜ ਸੀ.ਆਈ.ਏ ਸਟਾਫ਼ ਅਤੇ ਹੋਰ ਪੁਲਿਸ ਟੀਮਾਂ ਦੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਕੁਝ ਘੰਟਿਆਂ ਬਾਅਦ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ।
ਉਸ ਨੇ ਦੱਸਿਆ ਕਿ ਇਸ ਮਾਮਲੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਪਿਆਰਾ ਸਿੰਘ ਆਪਣੀਆਂ ਹੀ ਨਾਬਾਲਗ ਲੜਕੀਆਂ 'ਤੇ ਮਾੜੀ ਨਜ਼ਰ ਰੱਖਦਾ ਸੀ ਅਤੇ ਘਟਨਾ ਵਾਲੇ ਦਿਨ ਜਦੋਂ ਮ੍ਰਿਤਕ ਪਿਆਰਾ ਸਿੰਘ ਨੇ ਆਪਣੀਆਂ ਲੜਕੀਆਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਔਰਤ ਮੁਲਜ਼ਮ ਗਿਆਨ ਕੌਰ ਨੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋਵਾਂ ਵਿਚਾਲੇ ਹੋਏ ਝਗੜੇ ਦੌਰਾਨ ਗਿਆਨ ਕੌਰ ਨੇ ਹੱਥ ਵਿੱਚ ਆਏ ਹਥੌੜੇ ਨਾਲ ਪਿਆਰਾ ਸਿੰਘ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਛੋਟੀਆਂ ਬੱਚੀਆਂ ਇਸ ਸਮੇਂ ਸਦਮੇ ਵਿੱਚ ਹਨ ਪਰ ਇਸ ਮਾਮਲੇ ਵਿੱਚ ਹਰ ਪਾਸਿਓਂ ਜਾਂਚ ਕਰਨ ਤੋਂ ਬਾਅਦ ਉਪਰੋਕਤ ਤੱਥ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮਹਿਲਾ ਮੁਲਜ਼ਮ ਨੇ ਇਹ ਕਤਲ ਕਿਸੇ ਸਾਜ਼ਿਸ਼ ਤਹਿਤ ਨਹੀਂ ਕੀਤਾ ਸਗੋਂ ਆਪਣੀਆਂ ਧੀਆਂ ਨੂੰ ਮ੍ਰਿਤਕ ਦੇ ਕਰਤੂਤਾਂ ਤੋਂ ਬਚਾਉਣ ਅਤੇ ਆਪਣੇ ਆਪ ਨੂੰ ਬਚਾਉਣ ਲਈ ਮ੍ਰਿਤਕਾ ਦੇ ਸਿਰ ਵਿੱਚ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।