ਅੰਮ੍ਰਿਤਸਰ : ਅੰਮ੍ਰਿਤਸਰ ਪੁਲਸ ਨੇ ਐਤਵਾਰ ਨੂੰ ਅੰਮ੍ਰਿਤਸਰ ਬੱਸ ਸਟੈਂਡ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਅਤੇ ਇਸ ਮੌਕੇ ਹੋਟਲ 'ਚ ਚੈਕਿੰਗ ਦੌਰਾਨ ਉਥੋਂ ਕੁਝ ਲੜਕੇ-ਲੜਕੀਆਂ ਨੂੰ ਇਤਰਾਜ਼ਯੋਗ ਹਾਲਤ 'ਚ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਸਟੈਂਡ ਪੁਲਸ ਚੌਕੀ ਦੇ ਇੰਚਾਰਜ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਹੋਟਲ ਆਰ.ਐੱਸ.ਐੱਸ 'ਚ ਚੈਕਿੰਗ ਕਰ ਰਹੇ ਸਨ, ਜਿਸ ਦੌਰਾਨ ਉਕਤ ਲੜਕੇ-ਲੜਕੀ ਹੋਟਲ 'ਚ ਇਤਰਾਜ਼ਯੋਗ ਹਾਲਤ 'ਚ ਪਾਏ ਗਏ | ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਪਤਾ ਲੱਗਾ ਹੈ ਕਿ ਹੋਟਲ ਦੇ ਸੰਚਾਲਕ ਅਤੇ ਮੈਨੇਜਰ ਨੇ ਉਕਤ ਹੋਟਲ ਵਿੱਚ ਕਮਰੇ ਲੈਣ ਵਾਲੇ ਲੜਕੇ-ਲੜਕੀਆਂ ਤੋਂ ਕੋਈ ਸ਼ਨਾਖਤੀ ਕਾਰਡ ਜਾਂ ਦਸਤਾਵੇਜ਼ ਨਹੀਂ ਲਿਆ। ਇਸੇ ਲਈ ਹਿਰਾਸਤ ਵਿੱਚ ਲਏ ਗਏ ਲੜਕੇ-ਲੜਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੜਕਾ-ਲੜਕੀ ਬਾਲਗ ਪਾਏ ਗਏ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ ਅਤੇ ਜੋ ਵੀ ਅੱਗੇ ਆਵੇਗਾ ਉਸ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਟਲ ਪ੍ਰਬੰਧਕ ਅਤੇ ਹੋਟਲ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਰਜਿਸਟਰ ’ਤੇ ਐਂਟਰੀ ਕਿਉਂ ਨਹੀਂ ਕੀਤੀ।