ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਨਿਵਾਨ ਧਕਾਲਾ ਵਿਖੇ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦੇਰ ਸ਼ਾਮ ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ 2 ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਔਰਤ ਆਪਣੇ ਦੋ ਲੜਕਿਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਕਠਿਆਲੀ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਪਣੇ ਪਿੰਡ ਤਾਰਾਗੜ੍ਹ ਤੋਂ ਆ ਰਹੀ ਸੀ। ਜਦੋਂ ਉਹ ਪਿੰਡ ਨਿਵਾਨ ਧਕਾਲਾ ਨੇੜੇ ਪਹੁੰਚੇ ਤਾਂ ਬਹਿਰਾਮਪੁਰ ਤੋਂ ਆ ਰਹੀ ਇਕ ਤੇਜ਼ ਰਫਤਾਰ ਆਈ-20 ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਇੰਨੀ ਤੇਜ਼ ਰਫਤਾਰ 'ਤੇ ਸੀ ਕਿ ਇਸ ਨੇ ਮੋਟਰਸਾਈਕਲ ਨੂੰ ਲੰਬੀ ਦੂਰੀ ਤੱਕ ਘਸੀਟਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ, ਜਦੋਂ ਔਰਤ ਦੀ ਰਸਤੇ 'ਚ ਹੀ ਮੌਤ ਹੋ ਗਈ। ਪੁਲਿਸ ਮੁਖੀ ਓਂਕਾਰ ਸਿੰਘ ਨੇ ਪੁਸ਼ਟੀ ਕੀਤੀ ਕਿ ਔਰਤ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਾਜਵੰਤ ਕੌਰ ਵਜੋਂ ਹੋਈ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਏਐਸਆਈ ਜਗੀਰ ਚੰਦ ਮੌਕੇ 'ਤੇ ਪਹੁੰਚ ਗਏ ਹਨ ਅਤੇ ਸਾਰੀ ਘਟਨਾ ਦੀ ਜਾਂਚ ਕਰ ਰਹੇ ਹਨ।