ਲੁਧਿਆਣਾ: ਪੰਜਾਬ ਵਿੱਚ ਨਾਬਾਲਗਾਂ ਨੂੰ ਸ਼ਰਾਬ ਪਰੋਸਣ ਵਾਲੇ ਹੋਟਲ ਅਤੇ ਕਲੱਬ ਮਾਲਕਾਂ ਖਿਲਾਫ ਪੁਲਿਸ ਦੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਵਿਭਾਗ ਨੇ ਇਕੱਲੇ ਲੁਧਿਆਣਾ ਸ਼ਹਿਰ ਵਿਚ ਹੀ 9 ਥਾਵਾਂ 'ਤੇ ਨਾਬਾਲਗਾਂ ਨੂੰ ਸ਼ਰਾਬ ਪਿਲਾਉਣ ਦੇ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਨੇ ਹੋਟਲਾਂ, ਕਲੱਬਾਂ ਅਤੇ ਪੱਬਾਂ ਵਿੱਚ ਨਾਬਾਲਗ ਗਾਹਕਾਂ ਨੂੰ ਪਰੋਸੀ ਜਾ ਰਹੀ ਸ਼ਰਾਬ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਆ ਗਿਆ ਹੈ ਅਤੇ ਸ਼ਰਾਬ ਪਰੋਸਣ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢ ਦਿੱਤੀ ਹੈ। ਵਿਭਾਗ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਹੀ ਦੋ ਦਿਨਾਂ ਤੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ 9 ਥਾਵਾਂ ’ਤੇ ਨਾਬਾਲਗਾਂ ਨੂੰ ਸ਼ਰਾਬ ਪਿਲਾਉਣ ਦੇ ਮਾਮਲੇ ਸਾਹਮਣੇ ਆਏ ਹਨ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਅਕਸਰ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਕਿ ਹੋਟਲ ਅਤੇ ਕਲੱਬ ਮਾਲਕ ਨਾਬਾਲਗਾਂ ਨੂੰ ਵੀ ਸ਼ਰਾਬ ਪਰੋਸਣ ਤੋਂ ਪਿੱਛੇ ਨਹੀਂ ਹਟਦੇ ਅਤੇ ਕੁਝ ਪੈਸਿਆਂ ਦੀ ਖਾਤਰ ਨਾਬਾਲਗਾਂ ਨੂੰ ਸ਼ਰਾਬ ਦਾ ਆਦੀ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਵਿਭਾਗ ਦਾ ਕਹਿਣਾ ਹੈ ਕਿ ਇਹ ਵਿਸ਼ੇਸ਼ ਮੁਹਿੰਮ ਲੁਧਿਆਣਾ ਦੇ ਨਾਲ-ਨਾਲ ਹੋਰ ਸ਼ਹਿਰਾਂ ਵਿੱਚ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਨਾਬਾਲਗਾਂ ਨੂੰ ਸ਼ਰਾਬ ਪਰੋਸਣ ਵਾਲੇ ਹੋਟਲ ਅਤੇ ਕਲੱਬ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

