ਜਲੰਧਰ : ਇਨ੍ਹੀਂ ਦਿਨੀਂ ਸ਼ਹਿਰ 'ਚ ਲੁਟੇਰਿਆਂ ਨੇ ਦਹਿਸ਼ਤ ਮਚਾ ਦਿੱਤੀ ਹੈ। ਵੱਖ-ਵੱਖ ਇਲਾਕਿਆਂ 'ਚ ਲੁੱਟ-ਖੋਹ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਇਹ ਹਥਿਆਰਬੰਦ ਲੁਟੇਰੇ ਆਮ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਜਾਂ ਤਾਂ ਜ਼ਖ਼ਮੀ ਕਰ ਰਹੇ ਹਨ ਜਾਂ ਉਨ੍ਹਾਂ ਕੋਲੋਂ ਨਕਦੀ ਖੋਹ ਕੇ ਭੱਜ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਲੁਟੇਰਿਆਂ ਨੇ ਇੱਕ ਵਪਾਰੀ ਨੂੰ ਨਿਸ਼ਾਨਾ ਬਣਾਇਆ ਹੈ।
ਜਾਣਕਾਰੀ ਮੁਤਾਬਕ ਬਸਤੀ ਬਾਬਾ ਖੇਲ 'ਚ ਲੁੱਟ ਦੀ ਘਟਨਾ ਵਾਪਰੀ ਹੈ, ਜਿਸ 'ਚ ਲੁਟੇਰਿਆਂ ਨੇ ਇਕ ਵਪਾਰੀ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੀੜਤ ਵਪਾਰੀ ਜਤਿੰਦਰਪਾਲ ਦਾ ਕਹਿਣਾ ਹੈ ਕਿ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਅਤੇ ਜਿਵੇਂ ਹੀ ਉਹ ਘਰ ਪਹੁੰਚਣ ਲੱਗਾ ਤਾਂ ਪਿੱਛੇ ਤੋਂ ਆ ਰਹੇ ਚਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ 'ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਨਿੱਤ ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

