ਬਨੂੜ: ਸ਼ੰਭੂ ਬਾਰਡਰ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਜੰਗਪੁਰਾ ਪਰਤ ਰਿਹਾ ਇਕ ਕਿਸਾਨ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਨਦਿਆਲੀ ਨੇ ਦੱਸਿਆ ਕਿ ਕਿਸਾਨ ਹਰਜਿੰਦਰ ਸਿੰਘ ਭੂਰਾ ਪੁੱਤਰ ਅਜੀਤ ਸਿੰਘ ਜੋ ਕਿ ਜਥੇਬੰਦੀ ਦੇ ਸੀਨੀਅਰ ਆਗੂ ਸਨ ਅਤੇ ਸ਼ੁਰੂ ਤੋਂ ਹੀ ਕਿਸਾਨ ਸੰਘਰਸ਼ ਨਾਲ ਜੁੜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਕਿਸਾਨ ਹਰਜਿੰਦਰ ਸਿੰਘ ਸ਼ੰਭੂ ਬਾਰਡਰ 'ਤੇ 13 ਫਰਵਰੀ ਨੂੰ ਸ਼ੁਰੂ ਹੋਏ ਸੰਘਰਸ਼ 'ਚ ਹਿੱਸਾ ਲੈਂ ਰਿਹਾ ਸੀ ਅਤੇ ਹਰ ਰੋਜ਼ ਦੀ ਤਰ੍ਹਾਂ ਜਦੋਂ ਉਹ ਪਿਛਲੇ ਦਿਨੀਂ ਮੋਟਰਸਾਈਕਲ 'ਤੇ ਆਪਣੇ ਪਿੰਡ ਪਰਤ ਰਿਹਾ ਸੀ ਤਾਂ ਬਨੂੜ ਤੋਂ ਤੇਪਲਾ ਨੂੰ ਜਾਣ ਵਾਲੇ ਨੈਸ਼ਨਲ ਹਾਈਵੇ 'ਤੇ ਪਿੰਡ ਚੰਗੇਰਾ ਨੇੜੇ ਇਕ ਅਣਪਛਾਤੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਕਿਸਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਰਾਹਗੀਰਾਂ ਨੇ ਉਸ ਨੂੰ ਚੁੱਕ ਕੇ ਬਨੂੜ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ, ਜੱਗੀ ਕਰਾਲਾ, ਗੁਰਪ੍ਰੀਤ ਸਿੰਘ ਸੇਖਾਂ ਮਾਜਰਾ, ਸਰਪੰਚ ਲੱਖੀ ਕਰਾਲਾ, ਤੇਜਿੰਦਰ ਸਿੰਘ ਪੂਨੀਆ, ਯਾਦਵਿੰਦਰ ਸ਼ਰਮਾ ਅਤੇ ਹੋਰ ਕਿਸਾਨ ਆਗੂਆਂ ਨੇ ਜ਼ਖਮੀ ਕਿਸਾਨ ਦਾ ਹਾਲ-ਚਾਲ ਪੁੱਛਿਆ।

