ਜਲੰਧਰ, 29 ਮਈ- ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਰਾਜ ਪੱਧਰੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੌਰਾਨ ਨਸ਼ੇ ਖ਼ਿਲਾਫ਼ ਲੜਾਈ ਵਿੱਚ ਅਹੰਕਾਰਯੋਗ ਭੂਮਿਕਾ ਨਿਭਾਉਣ ਵਾਲੇ ਕੁੱਲ 15 ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ 6 ਸਬ ਇੰਸਪੈਕਟਰਾਂ ਅਤੇ 6 ਸਹਾਇਕ ਸਬ ਇੰਸਪੈਕਟਰਾਂ (ASI) ਸਮੇਤ 15 ਅਧਿਕਾਰੀਆਂ ਨੂੰ CC-1 ਸਰਟੀਫਿਕੇਟ ਤੇ ਪ੍ਰਸ਼ੰਸਾ ਪੱਤਰ ਸੌਂਪ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਹ ਅਧਿਕਾਰੀ ਨਸ਼ਿਆਂ ਦੇ ਜਾਲ ਨੂੰ ਤੋੜਨ ਲਈ ਨਿਰੰਤਰ ਜਤਨਸ਼ੀਲ ਰਹੇ ਹਨ ਅਤੇ ਉਨ੍ਹਾਂ ਦੀ ਕਾਬਲ-ਏ-ਤਾਰੀਫ਼ ਕਾਰਗੁਜ਼ਾਰੀ ਨੇ ਪੁਲਸ ਵਿਭਾਗ ਦੀ ਸ਼ਾਨ ਵਧਾਈ ਹੈ।
ਸਮਾਰੋਹ ਦੌਰਾਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਜੋ ਅਣਥੱਕ ਮਿਹਨਤ, ਦ੍ਰਿੜਤਾ ਅਤੇ ਨਿਸ਼ਠਾ ਨਾਲ ਕੰਮ ਕੀਤਾ ਹੈ, ਉਹ ਹੋਰਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਦੀ ਲਗਨ ਨਾ ਸਿਰਫ਼ ਪੁਲਸ ਫੋਰਸ ਦਾ ਮਨੋਬਲ ਵਧਾਉਂਦੀ ਹੈ, ਸਗੋਂ ਸ਼ਹਿਰ ਵਾਸੀਆਂ ਵਿੱਚ ਭਰੋਸਾ ਅਤੇ ਸੁਰੱਖਿਆ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੀ ਹੈ। ਇਸ ਮੌਕੇ ‘ਤੇ ਡੀ.ਸੀ.ਪੀ (ਇੰਵੈਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ (ਇੰਵੈਟੀਗੇਸ਼ਨ) ਜਯੰਤ ਪੂਰੀ, ਅਤੇ ਏ.ਡੀ.ਸੀ.ਪੀ (ਹੈੱਡਕੁਆਟਰ) ਸੁੱਖਵਿੰਦਰ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵੀ ਸਨਮਾਨਿਤ ਅਧਿਕਾਰੀਆਂ ਦੀ ਪਿਠ ਥੱਪੀ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਵਧਾਇਆ।