ਮੂਸਾ (ਮਾਨਸਾ), 29 ਮਈ: ਮਾਨਸਾ ਦੇ ਮੂਸਾ ਪਿੰਡ 'ਚ ਮਸ਼ਹੂਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤੀਸਰੀ ਬਰਸੀ ਮੌਕੇ, ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਪਹੁੰਚੀ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਤਿੰਨ ਸਾਲ ਹੋ ਗਏ ਨੇ ਉਨ੍ਹਾਂ ਦੇ ਪੁੱਤਰ ਨੂੰ ਇਸ ਦੁਨੀਆਂ ਤੋਂ ਵਿਦਾ ਹੋਏ ਪਰ ਅਜੇ ਵੀ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਹਰ ਸਰਕਾਰ ਦੇ ਦਰ ਤੇ ਗੋਡੇ ਟੇਕ ਚੁੱਕੇ ਹਨ ਪਰ ਕਿਸੇ ਵੀ ਹਕੂਮਤ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਪੰਜਾਬੀਅਤ, ਪੱਗ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜੋ ਵਿਰੋਧੀ ਤਾਕਤਾਂ ਨੂੰ ਰਾਸ ਨਹੀਂ ਆਈ। ਅੱਜ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਜੇਕਰ ਹੱਕਾਂ ਦੀ ਗੱਲ ਕਰਨ ਵਾਲਿਆਂ ਦੀ ਆਵਾਜ਼ ਅਜਿਹੇ ਤਰੀਕੇ ਨਾਲ ਖਾਮੋਸ਼ ਕੀਤੀ ਜਾਂਦੀ ਰਹੀ ਤਾਂ ਕਈ ਹੋਰ ਮਾਂਵਾਂ ਦੇ ਪੁੱਤ ਵੀ ਅਜਿਹੀ ਹੀ ਕੁਰਬਾਨੀ ਦੇਣਗੇ।
ਬਲਕੌਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੇ ਪੁੱਤਰ ਨੇ ਪਾਣੀਆਂ ਅਤੇ ਪੰਜਾਬ ਦੇ ਹੱਕਾਂ ਬਾਰੇ ਗੀਤ ਗਾਏ ਜੋ ਯੂਟਿਊਬ ਤੋਂ ਤੁਰੰਤ ਹਟਾ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਵੀ ਗੋਡੇ ਟੇਕੇ ਪਰ ਉੱਥੋਂ ਵੀ ਨਿਰਾਸ਼ਾ ਮਿਲੀ। ਬਲਕੌਰ ਸਿੰਘ ਨੇ ਕਿਹਾ ਕਿ ਹੁਣ ਉਹ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਚੋਣ ਮੈਦਾਨ ਵਿੱਚ ਉਤਰਣਗੇ ਤਾਂ ਜੋ ਉਹਨਾਂ ਸਰਕਾਰੀ ਦਫਤਰਾਂ ਵਿੱਚ ਦੱਬੀਆਂ ਪਈਆਂ ਫਾਈਲਾਂ ਨੂੰ ਖੁਲਵਾਕੇ ਸੱਚ ਸਾਹਮਣੇ ਲਿਆ ਸਕਣ। ਉਨ੍ਹਾਂ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਲੜਾਈ ਸਿਰਫ਼ ਇੱਕ ਪਿਤਾ ਦੀ ਨਹੀਂ, ਸਗੋਂ ਹਰ ਉਸ ਵਿਅਕਤੀ ਦੀ ਹੈ ਜੋ ਹੱਕ ਅਤੇ ਇਨਸਾਫ ਦੀ ਗੱਲ ਕਰਦਾ ਹੈ।