ਪੰਜਾਬ ਡੈਸਕ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਦੌਰਾਨ ਸਰਹੱਦ ਪਾਰੋਂ ਚੱਲ ਰਹੇ ਨਸ਼ਿਆਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਪਾਕਿਸਤਾਨ ਸਥਿਤ ਹੈਰੋਇਨ ਦੇ ਮੁਖੀ ਅਤੇ ਫੌਜ ਦੇ ਭਗੌੜੇ ਅੰਮ੍ਰਿਤਪਾਲ ਸਿੰਘ ਉਰਫ ਫੌਜੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 12.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਮੀਡਿਆ ਨੂੰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਪਿੰਡ ਕਸੇਲ ਦਾ ਰਹਿਣ ਵਾਲਾ ਦੋਸ਼ੀ ਅੰਮ੍ਰਿਤਪਾਲ ਸਿੰਘ ਫੌਜੀ ਅਗਸਤ 2024 ਤੋਂ ਫਰਾਰ ਸੀ, ਜਦਕਿ ਉਸ ਦੇ ਸਾਥੀ ਸਰਤਾਜ ਨੂੰ ਜੰਮੂ ਦੇ ਬੱਸ ਸਟੈਂਡ ਤੋਂ 33 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਡੀਜੀਪੀ ਗੌਰਵ ਯਾਦਵ ਨੇ ਪੁਸ਼ਟੀ ਕੀਤੀ ਹੈ ਕਿ ਇਸ ਕਾਰਟੇਲ ਦੇ ਅੰਤਰਰਾਸ਼ਟਰੀ ਸਬੰਧ ਹਨ ਕਿਉਂਕਿ ਇਸ ਨੂੰ ਬਦਨਾਮ ਭਗੌੜਾ ਅੰਮ੍ਰਿਤ ਪਾਲ ਸਿੰਘ ਬਾਠ ਵਾਸੀ ਪਿੰਡ ਮੀਆਂਪੁਰ, ਤਰਨਤਾਰਨ ਚਲਾ ਰਿਹਾ ਹੈ ਅਤੇ ਉਹ ਇਸ ਸਮੇਂ ਦੁਬਈ ਤੋਂ ਇਸ ਕਾਰਟੇਲ ਨੂੰ ਚਲਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਇੱਕ ਬਦਨਾਮ ਗੈਂਗਸਟਰ/ਸਮੱਗਲਰ ਹੈ, ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 2 ਕਤਲ ਸਮੇਤ 15 ਤੋਂ 20 ਕੇਸ ਦਰਜ ਹਨ।
ਡੀਜੀਪੀ ਨੇ ਦੱਸਿਆ ਕਿ ਇੱਕ ਭਰੋਸੇਮੰਦ ਇਤਲਾਹ 'ਤੇ ਤੁਰੰਤ ਕਾਰਵਾਈ ਕਰਦਿਆਂ ਕਾਊਂਟਰ-ਇੰਟੈਲੀਜੈਂਸ ਜਲੰਧਰ ਦੀਆਂ ਟੀਮਾਂ ਨੇ ਜਲੰਧਰ ਦੇ ਪਿੰਡ ਕੰਗਣੀਵਾਲ ਦੇ ਨਹਿਰੀ ਪੁਲ 'ਤੇ ਵਿਸ਼ੇਸ਼ ਨਾਕਾ ਲਗਾਇਆ ਅਤੇ ਅੰਮ੍ਰਿਤਪਾਲ ਫੌਜੀ ਨੂੰ 200 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਜਦੋਂਕਿ ਅਗਲੇਰੀ ਤਫ਼ਤੀਸ਼ ਦੌਰਾਨ ਮੁਲਜ਼ਮਾਂ ਨੂੰ ਛੁਪਣਗਾਹ ਤਰਨਤਾਰਨ ਦੇ ਪਿੰਡ ਜੋਧਪੁਰ ਨੂੰ ਜਾਂਦੀ ਲਿੰਕ ਸੜਕ ਤੋਂ 12.4 ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਪਲੈਟੀਨਾ ਮੋਟਰਸਾਈਕਲ (ਪੀਬੀ 08 ਈਐਲ 5952) ਜਿਸ ’ਤੇ ਮੁਲਜ਼ਮ ਅੰਮ੍ਰਿਤਪਾਲ ਫੌਜੀ ਜਾ ਰਿਹਾ ਸੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ ਸੀ.ਆਈ.ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੂੰ ਅਤੇ ਉਸ ਦੇ ਸਾਥੀ ਨੂੰ ਪਿਛਲੇ ਮਹੀਨੇ ਅਖਨੂਰ ਸੈਕਟਰ ਤੋਂ 50 ਕਿਲੋ ਹੈਰੋਇਨ ਦੀ ਖੇਪ ਮਿਲੀ ਸੀ, ਜਿਸ ਵਿੱਚੋਂ 33 ਕਿ. ਹੈਰੋਇਨ ਉਸ ਦੇ ਸਾਥੀ ਕੋਲ ਸੀ, ਜਿਸ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਦੱਸਿਆ ਕਿ ਅੰਮ੍ਰਿਤਪਾਲ ਫੌਜੀ ਦੇ ਸਾਥੀ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੇ ਬਾਕੀ ਬਚੀ ਹੈਰੋਇਨ ਖਾਲੀ ਥਾਂ 'ਤੇ ਛੁਪਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਦਾ ਅਗਲਾ-ਪਿਛਲਾ ਕੁਨੈਕਸ਼ਨ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਐਫ.ਆਈ.ਆਰ ਨੰਬਰ 57 ਮਿਤੀ 13.09.2024 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਦਰਜ ਕੀਤਾ ਗਿਆ ਹੈ।


