ਜਲੰਧਰ(ਬਿਊਰੋ)— ਨਗਰ ਨਿਗਮ ਯੂਨੀਅਨਾਂ ਵਿਚਾਲੇ ਟਕਰਾਅ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ, ਜਿਸ ਕਾਰਨ ਸ਼ਹਿਰ 'ਚੋਂ ਕੂੜਾ ਇਕੱਠਾ ਕਰਨ ਦਾ ਕੰਮ ਕਰਨ ਵਾਲੇ ਜ਼ਿਆਦਾਤਰ ਮਿਊਂਸਪਲ ਡਰਾਈਵਰਾਂ ਨੇ ਹੜਤਾਲ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਪਰ ਅੱਜ ਸ਼ਹਿਰ ਦੀਆਂ ਸੜਕਾਂ ਦੇ ਨਾਲ-ਨਾਲ ਡੰਪ ਥਾਂਵਾਂ 'ਤੇ ਭਾਰੀ ਮਾਤਰਾ 'ਚ ਕੂੜਾ ਪਿਆ ਦੇਖਿਆ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਨਿਗਮ ਦੀ ਵਰਕਸ਼ਾਪ ਵਿਚ ਸੈਨੇਟਰੀ ਸੁਪਰਵਾਈਜ਼ਰ ਇੰਪਲਾਈਜ਼ ਯੂਨੀਅਨ ਅਤੇ ਹੋਰਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਇਹ ਪ੍ਰਗਟਾਵਾ ਕੀਤਾ ਗਿਆ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਰਜਿਸਟਰਡ ਚਾਰ ਕਰਮਚਾਰੀਆਂ ਦੀ ਸੀਨੀਆਰਤਾ ਦੇ ਆਧਾਰ 'ਤੇ ਡਿਊਟੀ ਨਹੀਂ ਲਗਾਈ ਜਾ ਰਹੀ। ਇਨ੍ਹਾਂ ਯੂਨੀਅਨ ਆਗੂਆਂ ਨੇ ਕਿਹਾ ਕਿ ਨਿਗਮ ਦੀ ਵਰਕਸ਼ਾਪ ਵਿਚ ਇਕ ਜੂਨੀਅਰ ਕਰਮਚਾਰੀ ਨੂੰ ਟਿੱਪਰ ਚਲਾਉਣ ਲਈ ਲਗਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਵਾਰਡ 60 ਵਿਚ ਇਕ ਸੈਨੇਟਰੀ ਸੁਪਰਵਾਈਜ਼ਰ ਦੀ ਮੌਤ ਹੋਣ ਕਾਰਨ ਉਸ ਵਾਰਡ ਵਿਚ ਇਕ ਜੂਨੀਅਰ ਕਰਮਚਾਰੀ ਵੀ ਤਾਇਨਾਤ ਕੀਤਾ ਗਿਆ ਹੈ, ਜਿਸ ਕਾਰਨ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਸ਼ਹਿਰ ਵਿਚੋਂ ਕੂੜਾ ਨਹੀਂ ਚੁੱਕਿਆ ਗਿਆ ਅਤੇ ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਸਨ। ਯੂਨੀਅਨ ਆਗੂਆਂ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇਕਰ ਨਿਗਮ ਪ੍ਰਸ਼ਾਸਨ ਨੇ ਸੀਨੀਆਰਤਾ ਦੇ ਆਧਾਰ 'ਤੇ ਕਰਮਚਾਰੀਆਂ ਦੀ ਤਾਇਨਾਤੀ ਨਾ ਕੀਤੀ ਸਫਾਈ ਪ੍ਰਣਾਲੀ, ਕੂੜਾ ਚੁੱਕਣ ਦੇ ਨਾਲ-ਨਾਲ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।