ਪੰਜਾਬ ਡੈਸਕ : ਪੰਜਾਬ 'ਚ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਖੁੱਲ੍ਹੇ ਆਮ ਆਦਮੀ ਕਲੀਨਿਕਾਂ ਦੇ ਨਾਮ ਛੇਤੀ ਹੀ ਬਦਲ ਦਿੱਤੇ ਜਾਣਗੇ।
ਦੱਸਿਆ ਜਾ ਰਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਵਿੱਚ ਬੰਦ ਕੀਤੇ ਗਏ ਐਨਐਚਐਮ (ਨੈਸ਼ਨਲ ਹੈਲਥ ਮਿਸ਼ਨ) ਫੰਡ ਦਾ ਰਸਤਾ ਵੀ ਸਾਫ ਹੋ ਗਿਆ ਹੈ। ਜਾਣਕਾਰੀ ਮੁਤਾਬਕ ਦੋਵਾਂ ਸਰਕਾਰਾਂ ਨੇ ਵਿਵਾਦ ਨੂੰ ਲੈ ਕੇ ਨਵਾਂ ਤਰੀਕਾ ਅਪਣਾਇਆ ਹੈ। ਦੋਵਾਂ ਸਰਕਾਰਾਂ 'ਚ ਜੋ ਰਣਨੀਤੀ ਬਣੀ ਹੈ, ਉਸ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਦੇ 60-40 ਸ਼ੇਅਰਾਂ ਨਾਲ ਬਣੇ ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲੇ ਜਾਣਗੇ ਪਰ 'ਆਪ' ਸਰਕਾਰ ਵੱਲੋਂ ਬਣਾਏ ਗਏ ਕਲੀਨਿਕ ਜਾਂ ਕਿਸੇ ਵਿਅਕਤੀ ਵੱਲੋਂ ਦਾਨ ਕੀਤੀ ਗਈ ਇਮਾਰਤ ਦੇ ਨਾਂ ਨਹੀਂ ਬਦਲੇ ਜਾਣਗੇ।
ਇਹ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਵਿਖੇ ਆਯੋਜਿਤ ਪੰਜਾਬ ਵਿਜ਼ਨ 2047 ਦੌਰਾਨ ਦਿੱਤੀ। ਨਵੇਂ ਕਲੀਨਿਕ ਦਾ ਨਾਮ ਵੀ ਸੋਚਿਆ ਗਿਆ ਹੈ ਅਤੇ ਕਿੰਨੇ ਕਲੀਨਿਕਾਂ ਨੂੰ ਬਦਲਿਆ ਜਾਵੇਗਾ, ਇਸ ਬਾਰੇ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ।

