ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਖਲਚੀਆ ਕਦੀਮ 'ਚ ਬੱਚਿਆਂ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਰਖਵਾ ਦਿੱਤਾ ਹੈ, ਜਿਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਮ੍ਰਿਤਕ ਰਵੀ ਦੀ ਮਾਂ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਉਸੇ ਪਿੰਡ 'ਚ ਬੱਚਿਆਂ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ ਅਤੇ ਪੰਚਾਇਤ ਨੇ ਦੋਵਾਂ ਗਰੁੱਪਾਂ ਨੂੰ ਸਹਿਮਤ ਕਰਵਾਇਆ ਸੀ। ਉਸਨੇ ਕਿਹਾ ਕਿ ਉਹ ਪੰਚਾਇਤ ਦੇ ਸਮਝਾਉਣ 'ਤੇ ਸਾਰੇ ਮਸਲੇ ਭੁੱਲ ਗਿਆ ਸੀ ਪਰ ਉਸਦੇ ਵਿਰੋਧੀਆਂ ਨੇ ਅੱਜ ਬਾਹਰੋਂ ਕੁਝ ਵਿਅਕਤੀਆਂ ਨੂੰ ਲਿਆ ਕੇ ਰਵੀ 'ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਵੇਖਦਿਆਂ ਹੀ ਗੋਲੀ ਮਾਰ ਦਿੱਤੀ।
ਡੀਐਸਪੀ ਸਿਟੀ ਫਿਰੋਜ਼ਪੁਰ ਸਰਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਕੁਝ ਦਿਨ ਪਹਿਲਾਂ ਬੱਚਿਆਂ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਅਤੇ ਪੰਚਾਇਤ ਨੇ ਮਾਮਲਾ ਸੁਲਝਾ ਲਿਆ ਸੀ ਪਰ ਅੱਜ ਰਵੀ ਨੂੰ ਦੂਜੇ ਗਰੁੱਪ ਦੇ ਲੋਕਾਂ ਨੇ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

