ਚੰਡੀਗੜ: ਚੰਡੀਗੜ੍ਹ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਕੇਕ ਅਤੇ ਪੇਸਟਰੀ ਬਣਾਉਣ ਅਤੇ ਵੇਚਣ ਵਾਲੀ ਇਕ ਦੁਕਾਨ ਦੇ ਮਾਲਕ ਨੂੰ ਬਿਨਾਂ ਫੂਡ ਲਾਇਸੈਂਸ ਦੇ ਆਪਣਾ ਕਾਰੋਬਾਰ ਚਲਾਉਣ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ ਅਦਾਲਤ ਦਾ ਫੈਸਲਾ ਸੁਣਾਏ ਜਾਣ ਤੱਕ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ 30,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੋਸ਼ੀ ਦੀ ਪਛਾਣ ਮੱਖਣਮਾਜਰਾ ਦੀ ਅਨਵਰ ਬੇਕਰੀ ਦੇ ਮਾਲਕ ਅਨਵਰ ਆਲਮ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੇ ਫੂਡ ਸੇਫਟੀ ਅਫਸਰ ਵੱਲੋਂ ਕਰੀਬ 4 ਸਾਲ ਪਹਿਲਾਂ 12 ਅਕਤੂਬਰ 2021 ਨੂੰ ਮੱਖਣਮਾਜਰਾ ਦੀ ਅਨਵਰ ਬੇਕਰੀ ਦਾ ਨਿਰੀਖਣ ਕੀਤਾ ਗਿਆ ਸੀ। ਉੱਥੇ ਉਸਨੇ ਦੇਖਿਆ ਕਿ ਦੁਕਾਨ ਵਿੱਚ ਕੇਕ ਅਤੇ ਪੇਸਟਰੀ ਵੇਚੀਆਂ ਜਾ ਰਹੀਆਂ ਸਨ ਪਰ ਦੁਕਾਨਦਾਰ ਕੋਲ ਫੂਡ ਲਾਇਸੈਂਸ ਨਹੀਂ ਸੀ। ਦੋਸ਼ੀ ਦੁਕਾਨਦਾਰ ਅਨਵਰ ਆਲਮ ਖਿਲਾਫ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਜ਼ਿਲ੍ਹਾ ਅਦਾਲਤ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਸੀ।
ਇਸ ਦੇ ਨਾਲ ਹੀ ਦੋਸ਼ੀ ਦੁਕਾਨਦਾਰ ਦੇ ਵਕੀਲ ਨੇ ਅਦਾਲਤ 'ਚ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਵਿਭਾਗ ਨੇ ਉਸ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ। ਹਾਲਾਂਕਿ ਅਦਾਲਤ ਨੇ ਦੁਕਾਨਦਾਰ ਦੀਆਂ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ ਅਤੇ ਦੁਕਾਨਦਾਰ ਨੂੰ ਦੋਸ਼ੀ ਕਰਾਰ ਦਿੱਤਾ।

