ਜਲੰਧਰ : ਭੋਗਪੁਰ 'ਚ ਇਕ ਸਹਿਕਾਰੀ ਖੰਡ ਮਿੱਲ ਦੇ ਬਿਜਲੀ ਉਤਪਾਦਨ ਪਲਾਂਟ 'ਚ ਸ਼ਨੀਵਾਰ ਨੂੰ ਹੋਏ ਦਰਦਨਾਕ ਹਾਦਸੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਇੱਕ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਬਿਜਲੀ ਉਤਪਾਦਨ ਪਲਾਂਟ ਵਿੱਚ ਚੱਲ ਰਹੀ ਬੈਲਟ ਵਿੱਚ ਦੇਰ ਰਾਤ ਤਕਨੀਕੀ ਖਰਾਬੀ ਆ ਗਈ। ਟਾਵਰ 'ਤੇ ਕੰਮ ਕਰਦੇ ਸਮੇਂ ਅਚਾਨਕ ਬੈਲਟ ਫਟ ਗਈ, ਜਿਸ ਕਾਰਨ ਜਸਕਰਨ ਸਿੰਘ ਨਾਂ ਦਾ ਕਰਮਚਾਰੀ ਬੈਲਟ 'ਚ ਫਸ ਗਿਆ। ਉਸ ਨੂੰ ਬਚਾਉਣ ਲਈ ਪਲਾਂਟ ਦੇ ਇਕ ਹੋਰ ਕਰਮਚਾਰੀ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਲੱਤਾਂ ਬੈਲਟ ਵਿਚ ਫਸ ਗਈਆਂ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਦੌਰਾਨ ਜਦੋਂ ਤੱਕ ਉਸ ਨੂੰ ਬੈਲਟ ਤੋਂ ਹਟਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਥਾਣਾ ਮੁਖੀ ਯਾਦਵਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਿੱਲ ਦੇ ਮੈਨੇਜਰ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਬਿਜਲੀ ਉਤਪਾਦਨ ਪਲਾਂਟ ਦਾ ਠੇਕਾ ਇਕ ਨਿੱਜੀ ਕੰਪਨੀ ਕੋਲ ਹੈ ਅਤੇ ਮ੍ਰਿਤਕ ਨੌਜਵਾਨ ਇਕ ਨਿੱਜੀ ਕੰਪਨੀ ਦਾ ਕਰਮਚਾਰੀ ਸੀ।

