ਗ੍ਰਹਿ ਮੰਤਰਾਲੇ ਦੀ ਸਿਫਾਰਸ਼ ਤੋਂ ਬਾਅਦ, ਕੇਂਦਰ ਨੇ ਭਾਰਤੀ ਰਿਜ਼ਰਵ ਬੈਂਕ (RBI) ਨੂੰ ਆਦੇਸ਼ ਦਿੱਤੇ ਹਨ ਕਿ ਇਹ ਰਕਮ ਤੁਰੰਤ ਰਾਜ ਸਰਕਾਰਾਂ ਦੇ ਖਾਤਿਆਂ ਵਿੱਚ ਭੇਜੀ ਜਾਵੇ, ਤਾਂ ਜੋ ਆਫ਼ਤ ਪ੍ਰਬੰਧਨ ਨਾਲ ਜੁੜੇ ਕੰਮ ਸਮੇਂ ਸਿਰ ਹੋ ਸਕਣ। ਸਪੱਸ਼ਟ ਕੀਤਾ ਗਿਆ ਹੈ ਕਿ ਫੰਡ ਦਾ ਇਸਤੇਮਾਲ SDRF ਅਤੇ NDRF ਨਾਲ ਸਬੰਧਤ ਨਿਯਮਾਂ ਅਨੁਸਾਰ ਹੀ ਕੀਤਾ ਜਾਵੇਗਾ, ਜੋ ਕਿ 15ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ‘ਤੇ ਆਧਾਰਿਤ ਹਨ।
ਇਸ ਮੌਕੇ ‘ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਨੂੰ ਖਾਸ ਅਪੀਲ ਕਰਦੇ ਹੋਏ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਹੜ੍ਹ ਕਾਰਨ ਖੇਤੀਯੋਗ ਜ਼ਮੀਨ ਸਿਲਟ ਨਾਲ ਭਰ ਗਈ ਹੈ। ਇਸਨੂੰ ਸਾਫ਼ ਕਰਨ ਅਤੇ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (RKVY) ਤਹਿਤ ਘੱਟੋ-ਘੱਟ 151 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਜਾਣ।
ਖੁੱਡੀਆਂ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਹੋਏ “ਰਬੀ ਸੀਜ਼ਨ ਫਸਲ ਸੰਮੇਲਨ 2025” ਵਿੱਚ ਬੋਲਦਿਆਂ ਕਿਹਾ ਕਿ ਹਾਲੀਆ ਹੜ੍ਹ ਨੇ ਨਾ ਸਿਰਫ਼ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ, ਸਗੋਂ ਉਪਜਾਉ ਜ਼ਮੀਨ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ।