ਨਾਭਾ: ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਦੇ ਪਿੰਡ ਦੇ ਛੱਪੜ 'ਚ ਡੁੱਬਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ 9 ਵਜੇ ਦਿੱਤੂਪੁਰ ਜੱਟਾ 'ਚ ਪਿੰਡ ਦੇ ਛੱਪੜ 'ਚ ਤਿੰਨ ਨੌਜਵਾਨ ਡੁੱਬ ਗਏ, ਜਦਕਿ ਉਨ੍ਹਾਂ ਦਾ ਇਕ ਸਾਥੀ ਬਚ ਗਿਆ। ਜਾਣਕਾਰੀ ਅਨੁਸਾਰ ਇੰਦਰਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਮਰ ਕਰੀਬ 22 ਸਾਲ, ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਉਮਰ ਕਰੀਬ 25 ਸਾਲ, ਕਮਲਪ੍ਰੀਤ ਸਿੰਘ ਉਮਰ ਕਰੀਬ 20 ਸਾਲ ਅਤੇ ਉਸ ਦਾ ਇਕ ਹੋਰ ਸਾਥੀ ਕਾਰ 'ਚ ਸਵਾਰ ਹੋ ਕੇ ਪਿੰਡ ਜਾ ਰਿਹਾ ਸੀ। ਇਹ ਘਟਨਾ ਦੇਰ ਰਾਤ ਪਿੰਡ ਦਿੱਤੂਪਰ ਜੱਟਾਂ ਵਿਖੇ ਵਾਪਰੀ। ਇਸ ਦੌਰਾਨ ਕਾਰ ਅਚਾਨਕ ਅਸੰਤੁਲਿਤ ਹੋ ਗਈ ਅਤੇ ਗੁਰਦੁਆਰਾ ਸਾਹਿਬ ਨੇੜੇ ਛੱਪੜ 'ਚ ਡਿੱਗ ਗਈ। ਇਸ ਦੌਰਾਨ ਇੰਦਰਜੋਤ ਸਿੰਘ, ਹਰਦੀਪ ਸਿੰਘ ਅਤੇ ਕਮਲਪ੍ਰੀਤ ਸਿੰਘ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਇਕ ਸਾਥੀ ਦਲਵੀਰ ਸਿੰਘ ਨੂੰ ਬਚਾਇਆ ਗਿਆ। ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ ਦਾ ਪੁੱਤਰ ਹਰਦੀਪ ਸਿੰਘ ਨੇਵੀ 'ਚ ਕੰਮ ਕਰਦਾ ਸੀ ਅਤੇ ਹਾਲ ਹੀ 'ਚ ਛੁੱਟੀ 'ਤੇ ਆਇਆ ਸੀ। ਜਾਣਕਾਰੀ ਮੁਤਾਬਕ ਇਹ ਨੌਜਵਾਨ ਇਕ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਆ ਰਹੇ ਸਨ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਧੁੰਦ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜੋ ਪਰਿਵਾਰ ਦੇ ਇਕਲੌਤੇ ਪੁੱਤਰ ਸਨ।

