ਪਟਿਆਲਾ: ਜਿਵੇਂ-ਜਿਵੇਂ ਮਕਰ ਸੰਕ੍ਰਾਂਤੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਲੋਕਾਂ ਵਿੱਚ ਪਤੰਗ ਉਡਾਉਣ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ। ਪਰ ਸਰਕਾਰ ਵੱਲੋਂ ਚਾਈਨਾ ਡੋਰ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ ਲੋਕ ਇਸ ਨੂੰ ਖਰੀਦ ਰਹੇ ਹਨ ਅਤੇ ਦੁਕਾਨਦਾਰ ਇਸ ਨੂੰ ਅੰਨ੍ਹੇਵਾਹ ਵੇਚ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਪੁਲਿਸ ਨਾਲ ਮਿਲ ਕੇ ਦੀਪ ਨਗਰ ਵਿੱਚ ਛਾਪਾ ਮਾਰਿਆ, ਜਿੱਥੇ ਸਟਾਫ਼ ਨੇ ਵੱਡੀ ਮਾਤਰਾ ਵਿੱਚ ਚਾਈਨਾ ਡੋਰ ਬਰਾਮਦ ਕੀਤੇ।
ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਪਟਿਆਲਾ ਦੇ ਦੀਪ ਨਗਰ 'ਚ ਇਕ ਪਤੰਗ ਦੀ ਦੁਕਾਨ ਅਤੇ ਇਕ ਘਰ 'ਤੇ ਛਾਪਾ ਮਾਰਿਆ, ਜਿੱਥੋਂ ਵੱਡੀ ਮਾਤਰਾ 'ਚ ਚਾਈਨਾ ਡੋਰ ਗੱਟੂ ਬਰਾਮਦ ਕੀਤਾ ਗਿਆ। ਇਸ ਕਾਰਵਾਈ ਦੌਰਾਨ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀਪੀਸੀਬੀ ਦੇ ਸੀਨੀਅਰ ਐਕਸਈਐਨ ਇੰਜੀਨੀਅਰ ਗੁਰਕਰਨ ਸਿਕੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਦੀਪ ਨਗਰ ਦੀ ਇਕ ਦੁਕਾਨ 'ਤੇ ਚਾਈਨਾ ਡੋਰ ਵੇਚਣ ਦੀ ਸੂਚਨਾ ਮਿਲੀ ਸੀ। ਟੀਮ ਨੇ ਉਕਤ ਜਗ੍ਹਾ 'ਤੇ ਚੈਕਿੰਗ ਕੀਤੀ, ਜਿੱਥੇ ਇਕ ਨਾਬਾਲਗ ਕੋਲੋਂ 3 ਚਾਈਨਾ ਡੋਰ ਗੱਟੂ ਬਰਾਮਦ ਕੀਤਾ ਗਿਆ। ਜਦੋਂ ਨਾਬਾਲਗ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਥੋਂ 12 ਹੋਰ ਗੱਟੂ ਮਿਲੇ।
ਪੁੱਛਗਿੱਛ ਦੌਰਾਨ ਨਾਬਾਲਗ ਨੇ ਦੱਸਿਆ ਕਿ ਉਸ ਨੇ ਇਹ ਗੱਟੂ ਸੋਨੂੰ ਨਾਂ ਦੇ ਵਿਅਕਤੀ ਤੋਂ ਖਰੀਦਿਆ ਸੀ। ਇਸ ਤੋਂ ਬਾਅਦ ਪੀਪੀਸੀਬੀ ਦੀ ਟੀਮ ਨੇ ਥਾਣਾ ਤ੍ਰਿਪੜੀ ਨਾਲ ਸੰਪਰਕ ਕੀਤਾ ਅਤੇ ਸੋਨੂੰ ਦੇ ਘਰ ਛਾਪਾ ਮਾਰਿਆ, ਜਿੱਥੋਂ 330 ਚਾਈਨਾ ਡੋਰ ਗੱਟੂ ਬਰਾਮਦ ਕੀਤਾ ਗਿਆ। ਇਸ ਛਾਪੇਮਾਰੀ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

