ਲੁਧਿਆਣਾ – ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਮਾਮਲੇ 'ਚ ਰੰਗੇ ਹੱਥੀਂ ਕਾਬੂ ਕੀਤੀ ਗਈ ਮਹਿਲਾ ਇੰਸਪੈਕਟਰ ਨੂੰ ਅਦਾਲਤ ਨੇ ਕਸੂਰਵਾਰ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਸਖ਼ਤ ਕੈਦ ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਦੀ ਅਦਾਲਤ ਨੇ ਇਹ ਸਜ਼ਾ ਸਾਬਕਾ ਇੰਚਾਰਜ, ਜ਼ਿਲ੍ਹਾ ਸਾਂਝ ਕੇਂਦਰ, ਖੰਨਾ ਦੀ ਇੰਸਪੈਕਟਰ ਪ੍ਰਵੀਨ ਸ਼ਰਮਾ ਨੂੰ ਸੁਣਾਈ।
ਵਿਜੀਲੈਂਸ ਬਿਊਰੋ ਨੇ 2019 ਵਿੱਚ ਪ੍ਰਵੀਨ ਸ਼ਰਮਾ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਇਹ ਰਿਸ਼ਵਤ ਪਿੰਡ ਕਰਤਾਰਪੁਰ ਦੇ ਨਿਵਾਸੀ ਬਲਵਿੰਦਰ ਸਿੰਘ ਵਲੋਂ ਦਿੱਤੀ ਗਈ ਸੀ, ਜਿਸ ਦੀ ਭੈਣ ਨੇ ਆਪਣੇ ਸਹੁਰਿਆਂ ਵਿਰੁੱਧ ਸ਼ਿਕਾਇਤ ਕੀਤੀ ਸੀ। ਇਲਜ਼ਾਮ ਸੀ ਕਿ ਇੰਸਪੈਕਟਰ ਨੇ ਮਾਮਲਾ 'ਨਿਪਟਾਉਣ' ਲਈ ਦੋਨੋਂ ਧਿਰਾਂ ਤੋਂ 3 ਲੱਖ ਰੁਪਏ ਮੰਗੇ ਸਨ।
ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਮਿਲਣ ਤੋਂ ਬਾਅਦ, ਬਾਕੀ ਰਕਮ ਲਈ ਇੰਸਪੈਕਟਰ ਨੇ 30 ਹਜ਼ਾਰ ਦੀ ਮੰਗ ਕੀਤੀ, ਪਰ ਨਿਪਟਾਰੇ ਤੋਂ ਬਾਅਦ 15 ਹਜ਼ਾਰ 'ਤੇ ਸੌਦਾ ਤੈਅ ਹੋਇਆ। ਬਲਵਿੰਦਰ ਨੇ ਇਹ ਜਾਣਕਾਰੀ ਵਿਜੀਲੈਂਸ ਨੂੰ ਦਿੱਤੀ ਅਤੇ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।