ਦੀਨਾਨਗਰ : ਪੰਜਾਬ 'ਚ ਜਿੱਥੇ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਧੁੰਦ ਕਹਿਰ ਮਚਾ ਰਹੀ ਹੈ, ਉਥੇ ਹੀ ਇਸ ਧੁੰਦ ਕਾਰਨ ਸੜਕ ਹਾਦਸਿਆਂ 'ਚ ਕਈ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਬੀਤੀ ਦੇਰ ਰਾਤ ਦੀਨਾਨਗਰ-ਗੁਰਦਾਸਪੁਰ ਹਾਈਵੇਅ 'ਤੇ ਪਿੰਡ ਬਰਿਆਰ ਨੇੜੇ ਕਾਰ ਅਤੇ ਟਰਾਲੀ ਦੀ ਟੱਕਰ 'ਚ ਇਕ ਕਾਰ ਸਵਾਰ ਦੀ ਮੌਤ ਹੋ ਗਈ। ਇਹ ਘਟਨਾ ਨੇੜੇ ਦੀ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੀਨਾਨਗਰ ਦੀ ਬਰੀਆਰ ਚੌਕੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੈਕਟਰ-ਟਰਾਲੀ ਖਾਲੀ ਕਰਕੇ ਵਾਪਸ ਆ ਰਹੀ ਸੀ। ਟਰਾਲੀ ਚਾਲਕ ਟਰਾਲੀ ਪਿੱਛੇ ਕਰ ਰਿਹਾ ਸੀ ਕਿ ਇਕ ਪਿੱਛੋਂ ਆ ਰਹੀ ਕਾਰ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਟੱਕਰ ਨਾਲ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਕਾਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਮਨੀਸ਼ ਬਖਸ਼ੀ (40) ਵਾਸੀ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਨਿੱਜੀ ਠੇਕੇਦਾਰ ਵਜੋਂ ਕੰਮ ਕਰਦਾ ਸੀ ਅਤੇ ਦੀਨਾਨਗਰ ਤੋਂ ਵਾਪਸ ਦਸੂਹਾ ਜਾ ਰਿਹਾ ਸੀ। ਪਰ ਇਹ ਹਾਦਸਾ ਰਸਤੇ ਵਿੱਚ ਹੀ ਵਾਪਰ ਗਿਆ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ। ਉਥੇ ਹੀ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਟਰੈਕਟਰ-ਟਰਾਲੀ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ। ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

