ਖੰਨਾ: ਖੰਨਾ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ 'ਚ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਜਾਣਕਾਰੀ ਮੁਤਾਬਕ ਇੱਥੇ ਇਕ ਆਟੋ ਪਲਟ ਗਿਆ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਹਰਦੇਵ ਸਿੰਘ (60) ਵਾਸੀ ਸਲਾਉਦੀ ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਪਰਮਜੀਤ ਕੌਰ (70), ਸਿਕੰਦਰ ਕੌਰ (48) ਅਤੇ ਸੰਗਤ ਸਿੰਘ (50) ਵਜੋਂ ਹੋਈ ਹੈ। ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪੂਰਾ ਪਰਿਵਾਰ ਰਿਸ਼ਤੇਦਾਰ ਦੇ ਘਰ ਵਿਆਹ 'ਤੇ ਗਿਆ ਹੋਇਆ ਸੀ। ਇਹ ਪਰਿਵਾਰ ਆਟੋ 'ਚ ਸਵਾਰ ਹੋ ਕੇ ਪਿੰਡ ਸਲਾਉਦੀ ਤੋਂ ਕੋਟਲੀ (ਖਮਾਣੋਂ) ਪਿੰਡ ਜਾ ਰਿਹਾ ਸੀ। ਇਹ ਹਾਦਸਾ ਸੂ ਵਾਲੇ ਰੋਡ 'ਤੇ ਸੇਹ ਪਿੰਡ ਨੇੜੇ ਵਾਪਰਿਆ ਜਦੋਂ ਆਟੋ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ। ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਸਾਰਿਆਂ ਨੂੰ ਸਿਵਲ ਹਸਪਤਾਲ ਖੰਨਾ ਪਹੁੰਚਾਇਆ। ਪਹੁੰਚਣ 'ਤੇ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖਮੀਆਂ ਵਿਚੋਂ ਇਕ ਜਗਦੇਵ ਸਿੰਘ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਆਟੋ ਅਚਾਨਕ ਕਿਵੇਂ ਪਲਟ ਗਿਆ। ਦੂਜੇ ਪਾਸੇ ਜ਼ਖਮੀਆਂ ਦਾ ਖੰਨਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮਨਿੰਦਰ ਭਸੀਨ ਨੇ ਦੱਸਿਆ ਕਿ 4 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ। ਬਾਕੀ ਤਿੰਨ ਦਾ ਖੰਨਾ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਜਦਕਿ ਬਾਕੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।