ਫਰੀਦਕੋਟ: ਫਰੀਦਕੋਟ ਜ਼ਿਲ੍ਹੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਕਸਬੇ ਵਿੱਚ ਇੱਕ ਸਹੁਰੇ ਨੇ ਆਪਣੀ ਵਿਧਵਾ ਨੂੰਹ 'ਤੇ ਤੇਜ਼ਾਬ ਸੁੱਟ ਦਿੱਤਾ। ਔਰਤ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਸਿਟੀ ਕੋਟਕਪੂਰਾ ਥਾਣੇ ਦੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕੋਟਕਪੂਰਾ ਦੇ ਦੁਰੀਆਣਾ ਰੋਡ ਦੀ ਰਹਿਣ ਵਾਲੀ ਵਿਧਵਾ ਇਸ ਸਮੇਂ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਸੀ ਅਤੇ ਕੋਟਕਪੂਰਾ ਦੇ ਇਕ ਨਿੱਜੀ ਸਕੂਲ 'ਚ ਸਫਾਈ ਦਾ ਕੰਮ ਕਰਦੀ ਸੀ। ਸ਼ਨੀਵਾਰ ਸਵੇਰੇ ਉਹ ਇਕ ਹੋਰ ਔਰਤ ਨਾਲ ਸਕੂਲ 'ਚ ਡਿਊਟੀ 'ਤੇ ਜਾ ਰਹੀ ਸੀ। ਜਦੋਂ ਉਹ ਸਕੂਲ ਨੇੜੇ ਪਹੁੰਚੀ ਤਾਂ ਉਸ ਦੇ ਸਹੁਰੇ ਧੀਰੂ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਪੀੜਤਾਂ ਦੇ ਰੌਲਾ ਪਾਉਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਆਸ ਪਾਸ ਦੇ ਲੋਕਾਂ ਨੇ ਪੀੜਤਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ।

