ਲੁਧਿਆਣਾ : ਨੋਡਲ ਸ਼ਿਕਾਇਤ ਕੇਂਦਰ 1912 'ਚ ਤਾਇਨਾਤ ਇਕ ਕਰਮਚਾਰੀ ਨੂੰ ਫਿਰੋਜ਼ਪੁਰ ਰੋਡ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਜਨਤਾ ਨਗਰ ਦਫ਼ਤਰ 'ਚ ਤਬਦੀਲ ਕਰਨ ਦੇ ਵਿਰੋਧ 'ਚ ਮੁਲਾਜ਼ਮਾਂ ਨੇ ਦਫਤਰ 'ਚ ਤਾਇਨਾਤ ਚੀਫ ਇੰਜੀਨੀਅਰ ਅਤੇ ਹੋਰ ਅਧਿਕਾਰੀਆਂ ਨਾਲ ਝੜਪ ਕਰਨ ਦੀ ਕੋਸ਼ਿਸ਼ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ ਇੰਜੀਨੀਅਰ ਜਗਦੇਵ ਸਿੰਘ ਹੰਸ ਅਤੇ ਡਿਪਟੀ ਚੀਫ ਇੰਜੀਨੀਅਰ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਅਧਿਕਾਰੀਆਂ ਨਾਲ ਕਥਿਤ ਗੁੰਡਾਗਰਦੀ, ਦੁਰਵਿਵਹਾਰ ਅਤੇ ਕੁੱਟਮਾਰ ਦੌਰਾਨ ਮੌਕੇ 'ਤੇ ਤਾਇਨਾਤ ਕੁਝ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਇੰਜੀਨੀਅਰਜ਼ ਐਸੋਸੀਏਸ਼ਨ ਲੁਧਿਆਣਾ ਖੇਤਰੀ ਦੇ ਕਾਰਜਕਾਰੀ ਮੈਂਬਰ ਜਗਦੀਪ ਸਿੰਘ ਗਰਚਾ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਕਰਮਚਾਰੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਕਿਸੇ ਵੀ ਸੂਰਤ ਵਿੱਚ ਮੁਲਾਜ਼ਮਾਂ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰੇਗੀ।