ਜਲੰਧਰ : ਜਲੰਧਰ ਦੇ ਖੰਬੜਾ ਨੇੜੇ ਇਕ ਨੌਜਵਾਨ ਵੱਲੋਂ ਇਕ ਨਾਬਾਲਗ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ 'ਚ ਦੋਸ਼ੀ ਨੌਜਵਾਨ ਨਾਬਾਲਗ ਨੂੰ ਖਾਣ-ਪੀਣ ਦੇ ਬਹਾਨੇ ਲੈ ਗਿਆ, ਜਿੱਥੇ ਉਸ ਨੇ ਕੋਲਡ ਡਰਿੰਕ 'ਚ ਕੁਝ ਮਿਲਾ ਕੇ ਉਸ ਨੂੰ ਦੇ ਦਿੱਤਾ। ਇਸ ਤੋਂ ਬਾਅਦ ਨਾਬਾਲਗ ਲੜਕੀ ਬੇਹੋਸ਼ ਹੋ ਗਈ ਅਤੇ ਨੌਜਵਾਨ ਕਿਸੇ ਤਰ੍ਹਾਂ ਉਸ ਨੂੰ ਆਪਣੇ ਘਰ ਲੈ ਗਿਆ ਜਿੱਥੇ ਉਸ ਨੇ ਲੜਕੀ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਇਕੱਠੇ ਕੰਪਿਊਟਰ ਕਲਾਸਾਂ ਲੈਂਦੇ ਸਨ। ਜਦੋਂ ਲੜਕੀ ਨੇ ਇਸ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਉਕਤ ਦੋਸ਼ੀ ਨਵਜੋਤ ਜੱਸਲ ਪੁੱਤਰ ਸੋਢੀ ਰਾਮ ਜੱਸਲ ਵਾਸੀ ਸ਼ਾਹਕੋਟ ਖਿਲਾਫ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਅਤੇ ਨਾਬਾਲਗ ਦਾ ਮੈਡੀਕਲ ਮੁਆਇਨਾ ਕਰਵਾਇਆ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।