ਲੁਧਿਆਣਾ: ਲੁਧਿਆਣਾ ਇਲਾਕੇ 'ਚ 3 ਇਮਾਰਤਾਂ 'ਤੇ ਪੀਲੇ ਪੰਜੇ ਡਿੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਸੋਮਵਾਰ ਨੂੰ ਸ਼ਿਮਲਾਪੁਰੀ ਇਲਾਕੇ 'ਚ ਤਿੰਨ ਨਿਰਮਾਣ ਅਧੀਨ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਨੂੰ ਢਾਹ ਦਿੱਤਾ। ਨਗਰ ਨਿਗਮ ਜ਼ੋਨ ਸੀ ਦੀ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਨਾ ਕਰਵਾਉਣ ਅਤੇ ਚੇਤਾਵਨੀ ਦੇ ਬਾਵਜੂਦ ਨਾਜਾਇਜ਼ ਉਸਾਰੀ ਜਾਰੀ ਰੱਖਣ ਲਈ ਇਮਾਰਤ ਦੇ ਮਾਲਕਾਂ ਖਿਲਾਫ ਕਾਰਵਾਈ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਬਿਲਡਿੰਗ ਬ੍ਰਾਂਚ ਨੇ ਨਗਰ ਨਿਗਮ ਦੇ ਜ਼ੋਨ ਸੀ ਅਧੀਨ ਗਿਆਸਪੁਰਾ, ਢੰਡਾਰੀ, ਕੰਗਣਵਾਲ ਅਤੇ ਹੋਰ ਇਲਾਕਿਆਂ 'ਚ 9 ਗੈਰ-ਕਾਨੂੰਨੀ ਇਮਾਰਤਾਂ ਵਿਰੁੱਧ ਕਾਰਵਾਈ ਕੀਤੀ ਸੀ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਢੇਚਲਵਾਲ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕਰਨ, ਨਹੀਂ ਤਾਂ ਨਾਜਾਇਜ਼ ਉਸਾਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।