ਅੰਮ੍ਰਿਤਸਰ: ਪੰਜਾਬ 'ਚ ਵੱਡੇ ਧਮਾਕੇ ਦੀ ਖ਼ਬਰ ਮਿਲੀ ਹੈ। ਪੰਜਾਬ ਦੇ ਪੁਲਿਸ ਸਟੇਸ਼ਨ ਪਿਛਲੇ ਕਈ ਮਹੀਨਿਆਂ ਤੋਂ ਬਕਾਇਦਾ ਨਿਸ਼ਾਨੇ 'ਤੇ ਹਨ। ਇਸ ਦੌਰਾਨ ਕਈ ਥਾਣਿਆਂ 'ਚ ਧਮਾਕੇ ਵੀ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਫਤਹਿਗੜ੍ਹ ਚੂੜੀਆਂ ਬਾਈਪਾਸ 'ਤੇ ਸਥਿਤ ਇਕ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕੀਤਾ ਗਿਆ।
ਜਾਣਕਾਰੀ ਮੁਤਾਬਕ ਕਿਸੇ ਨੇ ਥਾਣੇ ਦੇ ਬਾਹਰ ਹੈਂਡ ਗ੍ਰਨੇਡ ਸੁੱਟਿਆ, ਜਿਸ ਨਾਲ ਇਲਾਕੇ 'ਚ ਵੱਡਾ ਧਮਾਕਾ ਹੋ ਗਿਆ। ਹਾਲਾਂਕਿ ਧਮਾਕੇ ਤੋਂ ਬਾਅਦ ਪੁਲਿਸ ਟੀਮ ਹਮਲਾਵਰਾਂ ਦਾ ਪਿੱਛਾ ਕਰ ਰਹੀ ਸੀ, ਪਰ ਉਹ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੇ। ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਨੇ ਥਾਣੇ ਨੂੰ ਬੰਦ ਕਰ ਦਿੱਤਾ ਹੈ। ਫਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ।