ਦੀਨਾਨਗਰ : ਦੀਨਾਨਗਰ ਅਧੀਨ ਪੈਂਦੇ ਥਾਣਾ ਬਹਿਰਾਮਪੁਰ ਦੇ ਪਿੰਡ ਮਾਛਰਾਲਾ 'ਚ ਦੋ ਭਰਾਵਾਂ ਦੀ ਜ਼ਮੀਨ ਦੇ ਪਲਾਟ ਦੀ ਨੀਂਹ ਰੱਖਣ ਨੂੰ ਲੈ ਕੇ ਹੋਏ ਝਗੜੇ 'ਚ ਇਕ ਵਿਅਕਤੀ ਬੇਹੋਸ਼ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਹਿਰਾਮਪੁਰ ਦੇ ਮੁਖੀ ਓਂਕਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੀ ਪਤਨੀ ਅਮਿਤਾ ਕੁਮਾਰੀ ਵਾਸੀ ਮਛਰਾਲਾ ਨੇ ਦੱਸਿਆ ਕਿ ਉਸ ਦਾ ਪਤੀ ਰਵੀ ਕੁਮਾਰ ਆਪਣੇ ਘਰ ਦੀ ਚਾਰਦੀਵਾਰੀ ਦੀ ਨੀਂਹ ਰੱਖ ਰਿਹਾ ਸੀ। ਨੀਂਹ ਪੁੱਟਣ ਨੂੰ ਲੈ ਕੇ ਆਪਣੇ ਜੀਜੇ ਵਿਜੇ ਕੁਮਾਰ ਨਾਲ ਮਾਮੂਲੀ ਝਗੜਾ ਹੋ ਗਿਆ, ਜਿਸ ਤੋਂ ਬਾਅਦ ਵਿਜੇ ਕੁਮਾਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਪਤੀ ਦੀ ਪਿੱਠ 'ਚ ਸੱਟ ਲੱਗੀ, ਜਿਸ ਤੋਂ ਬਾਅਦ ਉਸ ਦਾ ਪਤੀ ਬੇਹੋਸ਼ ਹੋ ਗਿਆ ਅਤੇ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਿੰਘੋਵਾਲ ਲਿਜਾਇਆ ਗਿਆ। ਡਾਕਟਰ ਨੇ ਉਸ ਨੂੰ ਕਿਤੇ ਹੋਰ ਲਿਜਾਣ ਲਈ ਕਿਹਾ ਕਿਉਂਕਿ ਉਸਦੀ ਹਾਲਤ ਵਧੇਰੇ ਗੰਭੀਰ ਸੀ। ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਪੁੱਤਰ ਗੁਰਦਾਸ ਮੱਲ੍ਹਾ ਵਾਸੀ ਮਛਰਾਲਾ ਵਜੋਂ ਹੋਈ ਹੈ, ਜੋ ਖੰਡ ਮਿੱਲ ਪਨਿਆੜ ਦਾ ਸੇਵਾਮੁਕਤ ਕਰਮਚਾਰੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਵਿਜੇ ਕੁਮਾਰ ਦੀ ਪਤਨੀ ਰਾਕੇਸ਼ ਕੁਮਾਰੀ ਦੇ ਬਿਆਨਾਂ ਦੇ ਆਧਾਰ 'ਤੇ ਹਿਤਾਕਸ਼ੀ ਸੈਣੀ, ਅਕਸ਼ੈ ਸੈਣੀ ਅਤੇ ਜੋਗਿੰਦਰ ਪਾਲ ਵਾਸੀ ਮਛਰਾਲਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

