ਲੁਧਿਆਣਾ, 7 ਜੂਨ: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਹੇਠ ਲੁਧਿਆਣਾ ਦੇ ਜਸਪਾਲ ਬਾਂਗਰ ਇਲਾਕੇ ਵਿੱਚ ਇਕ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਇਕ ਲਵਾਰਿਸ ਖੜ੍ਹੀ ਕਾਰ ਵਿੱਚੋਂ 31 ਕਿਲੋ 352 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ।
ਡੀਆਰਆਈ ਨੂੰ ਮਿਲੀ ਗੁਪਤ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਟੀਮ ਨੇ ਦੱਸਿਆ ਕਿ ਨਸ਼ੇ ਦੀ ਇਹ ਭਾਰੀ ਮਾਤਰਾ ਕਾਰ ਦੇ ਫਰਸ਼ ਨੂੰ ਕੱਟ ਕੇ, ਟੀਨ ਦੀਆਂ ਚਾਦਰਾਂ ਅਤੇ ਨਟ-ਬੋਲਟਾਂ ਦੀ ਮਦਦ ਨਾਲ ਸੀਲ ਕਰਕੇ ਛੁਪਾਈ ਗਈ ਸੀ। ਇਹ ਤਰੀਕਾ ਇਤਨਾ ਨਿਪੁੰਨ ਸੀ ਕਿ ਆਮ ਨਜ਼ਰ ਵਿੱਚ ਕੋਈ ਸ਼ੱਕ ਨਹੀਂ ਹੋ ਸਕਦਾ ਸੀ।
ਛਾਪੇਮਾਰੀ ਦੌਰਾਨ ਮੌਕੇ ਤੋਂ ਕੋਈ ਵਿਅਕਤੀ ਨਹੀਂ ਮਿਲਿਆ, ਪਰ ਕਾਰ ਵਿਚੋਂ 36 ਪੈਕੇਟਾਂ ਵਿੱਚ ਲਪੇਟਿਆ ਹੋਇਆ ਗਾਂਜਾ ਬਰਾਮਦ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਇਕ ਸੰਗਠਿਤ ਤਸਕਰੀ ਗਿਰੋਹ ਨਾਲ ਜੁੜਿਆ ਹੋ ਸਕਦਾ ਹੈ। ਇਸ ਸੰਬੰਧੀ ਐਨਡੀਪੀਐਸ ਐਕਟ ਅਧੀਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਡੀਆਰਆਈ ਦੀ ਟੀਮ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਅਤੇ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਅਧਿਕਾਰੀਆਂ ਅਨੁਸਾਰ, ਜਾਂਚ ਦੌਰਾਨ ਹੋਰ ਤਸਕਰਾਂ ਦੀ ਗਿਰਫ਼ਤਾਰੀ ਅਤੇ ਵੱਡੇ ਨਸ਼ਾ ਰੈਕੇਟ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਹੈ। ਮਾਮਲੇ ਨਾਲ ਜੁੜੇ ਹਰੇਕ ਪੱਖ ਦੀ ਗਹਿਣ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਦੀ ਜੜ੍ਹ ਤੱਕ ਪਹੁੰਚਿਆ ਜਾ ਸਕੇ।