ਪਟਿਆਲਾ/ਸਮਾਣਾ, 7 ਜੂਨ- ਟਿੱਪਰ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠੇ ਸਮਾਣਾ ਦੇ ਸੱਤ ਬੱਚਿਆਂ ਦੇ ਪਰਿਵਾਰਾਂ ਨੇ ਆਮ ਲੋਕਾਂ ਨਾਲ ਮਿਲ ਕੇ ਅੱਜ ਪਟਿਆਲਾ-ਸਮਾਣਾ ਸੜਕ 'ਤੇ ਧਰਨਾ ਲਾ ਦਿੱਤਾ ਅਤੇ ਆਵਾਜਾਈ ਪੂਰੀ ਤਰ੍ਹਾਂ ਜਾਮ ਕਰ ਦਿੱਤੀ। ਹਾਦਸੇ ਤੋਂ ਇੱਕ ਮਹੀਨੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੀੜਤ ਪਰਿਵਾਰਾਂ ਨਾਲ ਮਿਲੇ ਤੇ ਦੁੱਖ ਸਾਂਝਾ ਕੀਤਾ, ਪਰ ਮਾਵਾਂ ਨੇ ਅੱਖਾਂ 'ਚ ਅੱਥਰੂਆਂ ਨਾਲ ਇਨਸਾਫ ਦੀ ਮੰਗ ਕਰਦਿਆਂ ਟਿੱਪਰ ਮਾਲਕਾਂ ਦੀ ਗ੍ਰਿਫਤਾਰੀ ਦੀ ਜ਼ੋਰਦਾਰ ਮੰਗ ਰੱਖੀ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਸਿਰਫ 19 ਸਾਲ ਦੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ ਤੇ ਰਾਜਨੀਤਿਕ ਸ਼ਹਿਦ ਹੇਠ ਟਿੱਪਰ ਮਾਲਕਾਂ ਨੂੰ ਬਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਪਰ ਪ੍ਰਸ਼ਾਸਨ ਖਾਮੋਸ਼ ਹੈ, ਹਾਲਾਂਕਿ ਪਹਿਲਾਂ ਪਟਿਆਲਾ ਦੀ ਡੀ.ਸੀ. ਪ੍ਰੀਤੀ ਯਾਦਵ ਅਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਧਰਨਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਰਿਵਾਰਾਂ ਨੇ ਉਨ੍ਹਾਂ ਦੀ ਸੁਣਨ ਤੋਂ ਇਨਕਾਰ ਕਰ ਦਿੱਤਾ। ਵੱਖ-ਵੱਖ ਜਥੇਬੰਦੀਆਂ ਅਤੇ ਆਮ ਲੋਕਾਂ ਨੇ ਵੀ ਧਰਨੇ ਵਿੱਚ ਭਾਗ ਲੈ ਕੇ ਇਨਸਾਫ ਦੀ ਹਮਾਇਤ ਕੀਤੀ ਅਤੇ ਮਾਵਾਂ ਨੇ ਐਲਾਨ ਕੀਤਾ ਕਿ ਜਦ ਤੱਕ ਨਿਆਂ ਨਹੀਂ ਮਿਲਦਾ ਉਹ ਇੱਥੋਂ ਨਹੀਂ ਹਟਣਗੀਆਂ।