ਚੰਡੀਗੜ੍ਹ, 27 ਜੂਨ 2025: ਪੰਜਾਬ ਦੇ ਵਿਵਾਦਤ 540 ਕਰੋੜ ਰੁਪਏ ਦੇ ਡਰੱਗ ਮਨੀ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਨਵਾਂ ਮੋੜ ਆਇਆ ਹੈ। ਇਸ ਕੇਸ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਜਾਂਚ ਹੋਰ ਤੇਜ਼ ਹੋ ਗਈ ਹੈ। ਇਨ੍ਹਾਂ ਘਟਨਾਵਾਂ ਵਿਚ ਇਕ ਵੱਡਾ ਖੁਲਾਸਾ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੱਲੋਂ ਹੋਇਆ ਹੈ, ਜਿਨ੍ਹਾਂ ਨੇ ਡਰੱਗ ਰੈਕਟ ਨਾਲ ਜੁੜੇ ਕਈ ਗੁਪਤ ਦਸਤਾਵੇਜ਼ ਵਿਜੀਲੈਂਸ ਅਧਿਕਾਰੀਆਂ ਨੂੰ ਸੌਂਪੇ ਹਨ।
ਚਟੋਪਾਧਿਆਏ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਕੋਲ 2012-13 ਤੋਂ ਹੀ ਮਜੀਠੀਆ ਵਿਰੁੱਧ ਮਜ਼ਬੂਤ ਸਬੂਤ ਮੌਜੂਦ ਸਨ, ਪਰ ਅਕਾਲੀ ਦਲ ਦੀ ਸਰਕਾਰ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਮਜੀਠੀਆ 100% ਤੌਰ 'ਤੇ ਡਰੱਗ ਕਾਰੋਬਾਰ ਵਿੱਚ ਸ਼ਾਮਲ ਹੈ ਅਤੇ ਇਹ ਕੇਸ ਸਿਰਫ਼ ਸਿਆਸੀ ਨਹੀਂ, ਸਗੋਂ ਕਾਨੂੰਨੀ ਤੌਰ 'ਤੇ ਠੋਸ ਆਧਾਰ ਰੱਖਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਦੌਰਾਨ ਕਈ ਅਜਿਹੇ ਪੁਲਿਸ ਅਧਿਕਾਰੀ ਸਾਹਮਣੇ ਆਏ ਜੋ ਨਸ਼ਾ ਮਾਫੀਆ ਨਾਲ ਗਠਜੋੜ ਰੱਖਦੇ ਸਨ। ਉਦਾਹਰਨ ਵਜੋਂ ਉਨ੍ਹਾਂ ਨੇ ਬਰਖਾਸਤ ਇੰਸਪੈਕਟਰ ਇੰਦਰਪ੍ਰੀਤ ਅਤੇ ਭਗੌੜੇ ਏਆਈਜੀ ਰਾਜਜੀਤ ਦੇ ਨਾਂ ਲਏ। ਚਟੋਪਾਧਿਆਏ ਨੇ ਦੱਸਿਆ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਇੱਕ ਅਣਪ੍ਰਕਾਸ਼ਿਤ ਰਿਪੋਰਟ ਵੀ ਸੌਂਪੀ ਸੀ ਜੋ ਅੱਜ ਤੱਕ ਜਨਤਕ ਨਹੀਂ ਹੋਈ।
ਇਸ ਸਭ ਦੇ ਮੱਧਨਜ਼ਰ, ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਸਰਕਾਰ ਕਿਸੇ ਵੀ ਵੱਡੀ ਹਸਤੀ ਨੂੰ ਨਹੀਂ ਬਖ਼ਸ਼ੇਗੀ। ਉਨ੍ਹਾਂ ਕਿਹਾ ਕਿ ਮਜੀਠੀਆ ਵਿਰੁੱਧ ਸਬੂਤ ਦੇ ਆਧਾਰ 'ਤੇ ਹੀ ਕੇਸ ਦਰਜ ਹੋਇਆ ਹੈ ਅਤੇ ਇਹ ਕਾਰਵਾਈ ਸਿਆਸੀ ਰੰਜਿਸ਼ ਨਹੀਂ, ਸਗੋਂ ਨਸ਼ੇ ਦੇ ਮੂਲ 'ਤੇ ਵੱਜਣ ਵਾਲੀ ਨੀਤੀ ਦਾ ਹਿੱਸਾ ਹੈ।
ਬੁੱਧਵਾਰ ਨੂੰ ਵਿਜੀਲੈਂਸ ਨੇ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਹੁਣ ਸਾਬਕਾ ਡੀਜੀਪੀ ਵੱਲੋਂ ਦਿੱਤੀ ਜਾਣਕਾਰੀ ਜਾਂਚ ਨੂੰ ਹੋਰ ਮਜ਼ਬੂਤ ਕਰਨ ਵਾਲੀ ਮੰਨੀ ਜਾ ਰਹੀ ਹੈ।