ਐਸ.ਏ.ਐਸ. ਨਗਰ, 27 ਜੂਨ 2025 – ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅਚਨਚੇਤ ਦੌਰੇ ਹੇਠ ਮੁਹਾਲੀ ਦੇ ਆਰ.ਟੀ.ਓ ਦਫ਼ਤਰ ਅਤੇ ਸੈਕਟਰ 82 ਸਥਿਤ ਡਰਾਈਵਿੰਗ ਟੈਸਟ ਟ੍ਰੈਕ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਦਫ਼ਤਰ ਵਿਚ ਹੋ ਰਹੀ ਕੰਮਕਾਜੀ ਪ੍ਰਕਿਰਿਆ ਦਾ ਜਾਇਜ਼ਾ ਲੈਂਦੇ ਹੋਏ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਆਰ.ਟੀ.ਓ. ਦੀਆਂ ਸਾਰੀਆਂ ਸੇਵਾਵਾਂ ਆਨਲਾਈਨ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਘਰ ਬੈਠੇ ਹੀ ਸੁਵਿਧਾ ਮਿਲੇ ਅਤੇ ਦਫ਼ਤਰਾਂ ਦੇ ਚੱਕਰਾਂ ਤੋਂ ਛੁਟਕਾਰਾ ਮਿਲੇ।
ਸ. ਭੁੱਲਰ ਨੇ ਲੋਕਾਂ ਅਤੇ ਕਰਮਚਾਰੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵੱਲੋਂ ਕਰਮਚਾਰੀਆਂ ਦੀ ਹਾਜ਼ਰੀ, ਟੈਕਸ ਕਲੈਕਸ਼ਨ ਪ੍ਰਣਾਲੀ ਅਤੇ ਦਸਤਾਵੇਜ਼ ਪ੍ਰਕਿਰਿਆ ਦੀ ਵੀ ਜਾਂਚ ਕੀਤੀ ਗਈ। ਉਨ੍ਹਾਂ ਸਾਫ਼ ਕਿਹਾ ਕਿ ਬਿਨਾਂ ਟੈਕਸ ਜਾਂ ਅਧੂਰੇ ਕਾਗਜ਼ਾਤ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ।
ਸ. ਭੁੱਲਰ ਨੇ ਟਰਾਂਸਪੋਰਟ ਵਿਭਾਗ ਨੂੰ ਆਧੁਨਿਕ ਬਣਾਉਣ ਤੇ ਪਾਰਦਰਸ਼ਤਾ ਲਿਆਉਣ ਲਈ ਨਵੀਂ ਹੈਮਜ਼ ਤਕਨੀਕ ਨਾਲ ਬਣੇ ਡਰਾਈਵਿੰਗ ਟੈਸਟ ਟ੍ਰੈਕ ਦਾ ਵੀ ਨਿਰੀਖਣ ਕੀਤਾ। ਇਹ ਟ੍ਰੈਕ ਸੀ.ਸੀ.ਟੀ.ਵੀ. ਸਿਸਟਮ ਨਾਲ ਲੈਸ ਹੈ ਜਿਸ ਕਾਰਨ ਨਕਲੀ ਟੈਸਟ ਦੇਣ ਤੋਂ ਰੋਕ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਨਵੇਂ ਮਾਡਲ ਦੀ ਵਰਤੋਂ ਸਾਰੇ ਪੰਜਾਬ ਵਿੱਚ ਹੋਵੇਗੀ। ਦੋ ਪਹੀਆ ਵਾਹਨਾਂ ਦੀ ਪਾਸ ਦਰ 82% ਅਤੇ ਚਾਰ ਪਹੀਆ ਦੀ 40% ਦਰਜ ਕੀਤੀ ਗਈ ਹੈ, ਜੋ ਸਖ਼ਤੀ ਅਤੇ ਪਾਰਦਰਸ਼ਤਾ ਦਾ ਇਸ਼ਾਰਾ ਹੈ।
ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਆਰ.ਟੀ.ਓ ਰਾਜਪਾਲ ਸਿੰਘ ਸੇਖੋਂ, ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਰਹੇ।