ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚੱਲ ਰਹੀ ਕਾਰਵਾਈ ਬਾਰੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪਹਿਲੇ ਹੀ ਦੱਸ ਦਿੱਤਾ ਗਿਆ ਸੀ ਕਿ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਸ਼ਖ਼ਸ, ਚਾਹੇ ਉਹ ਕਿੰਨਾ ਵੀ ਵੱਡਾ ਚਿਹਰਾ ਕਿਉਂ ਨਾ ਹੋਵੇ, ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਦੱਸਿਆ ਕਿ ਮਜੀਠੀਆ ਵਿਰੁੱਧ ਦੀ ਜਾਂਚ 540 ਕਰੋੜ ਰੁਪਏ ਦੇ ਨਸ਼ਾ ਕਾਰੋਬਾਰ 'ਤੇ ਆਧਾਰਤ ਹੈ, ਜਿਸ ਵਿੱਚੋਂ 161 ਕਰੋੜ ਰੁਪਏ ਦੀ ਰਕਮ ਬੈਂਕਾਂ ਵਿੱਚ ਨਕਦ ਰੂਪ ਵਿੱਚ ਜਮ੍ਹਾਂ ਕਰਵਾਈ ਗਈ। ਇਹ ਸਾਰੇ ਸਬੂਤ 2012 ਤੋਂ ਮੌਜੂਦ ਸਨ ਪਰ ਉਸ ਵੇਲੇ ਦੀ ਸਰਕਾਰ ਨੇ ਕਿਸੇ ਕਾਰਵਾਈ ਦੀ ਥੋਸ ਨੀਤੀ ਨਹੀਂ ਬਣਾਈ।
ਉਨ੍ਹਾਂ ਅੱਗੇ ਦੱਸਿਆ ਕਿ ਨਵੰਬਰ 2013 ਵਿੱਚ ਨਸ਼ਾ ਤਸਕਰ ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਜੀਠੀਆ ਦਾ ਨਾਂ ਸਿੱਧਾ ਸਾਹਮਣੇ ਆਇਆ ਸੀ, ਜਿਸ ਦੀ ਪੁਸ਼ਟੀ ਭੋਲਾ ਨੇ ਕੋਰਟ ਵਿੱਚ ਦਿੱਤੇ ਬਿਆਨਾਂ ਰਾਹੀਂ ਵੀ ਕੀਤੀ। ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਹੁਣ ਸਾਬਕਾ ਈ.ਡੀ. ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵੀ ਆਪਣਾ ਪੱਖ ਰੱਖਣ ਆ ਰਹੇ ਹਨ। ਮੰਤਰੀ ਨੇ ਕਿਹਾ ਕਿ ਨਵੀਂ ਸਰਕਾਰ ਇਸ ਮੁੱਦੇ ‘ਤੇ ਬਿਲਕੁਲ ਗੰਭੀਰ ਹੈ ਅਤੇ ਨਸ਼ਿਆਂ ਵਿਰੁੱਧ ਜੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਢਿਲਾਈ ਨਹੀਂ ਛੱਡੀ ਜਾਵੇਗੀ।