ਬਠਿੰਡਾ, 4 ਜੂਨ- ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਨਸ਼ਾ ਪੁਚਾਉਣ ਦੀ ਕੋਸ਼ਿਸ਼ ਕਰਨ ਵਾਲੀ ਇਕ ਮਹਿਲਾ ਨੂੰ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਰੰਗੇ ਹੱਥੀਂ ਦਬੋਚ ਲਿਆ ਗਿਆ। ਜਾਣਕਾਰੀ ਮੁਤਾਬਕ ਜਸਵੀਰ ਕੌਰ ਨਾਮਕ ਮਹਿਲਾ ਆਪਣੇ ਪਤੀ ਬਲਜੀਤ ਸਿੰਘ ਨਾਲ ਮੁਲਾਕਾਤ ਕਰਨ ਜੇਲ੍ਹ ਆਈ ਸੀ, ਜੋ ਕਿ ਚੰਦ ਭਾਨ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਵਰਤਮਾਨ ਵਿੱਚ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਮੁਲਾਕਾਤ ਦੌਰਾਨ ਜੇਲ੍ਹ ਅਧਿਕਾਰੀਆਂ ਨੂੰ ਸ਼ੱਕ ਹੋਣ ਤੇ ਉਸ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਜਸਵੀਰ ਕੌਰ ਕੋਲੋਂ 40 ਕੈਪਸੂਲ ਚਿੱਟਾ ਪਾਊਡਰ, 51 ਗ੍ਰਾਮ ਚਿੱਟਾ ਅਤੇ 93 ਗ੍ਰਾਮ ਤਬਾਕੂ ਬਰਾਮਦ ਹੋਇਆ। ਇਹ ਸਾਰਾ ਨਸ਼ਾ 12 ਪਲਾਸਟਿਕ ਦੀਆਂ ਪਾਈਪਾਂ ਵਿੱਚ ਖੁਫੀਆ ਤਰੀਕੇ ਨਾਲ ਛੁਪਾਇਆ ਗਿਆ ਸੀ।
ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਨਸ਼ੀਲਾ ਸਮਾਨ ਉਸ ਦੇ ਪਤੀ ਬਲਜੀਤ ਸਿੰਘ ਵੱਲੋਂ ਜੇਲ੍ਹ ਵਿੱਚ ਮੰਗਵਾਇਆ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਜੇਲ੍ਹ ਪ੍ਰਸ਼ਾਸਨ ਨੇ ਜਸਵੀਰ ਕੌਰ ਨੂੰ ਤੁਰੰਤ ਪੁਲਿਸ ਹਵਾਲੇ ਕਰ ਦਿੱਤਾ। ਬਾਅਦ ਵਿੱਚ ਬਠਿੰਡਾ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਕਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਜਸਵੀਰ ਕੌਰ ਅਤੇ ਉਸ ਦੇ ਪਤੀ ਖ਼ਿਲਾਫ਼ ਵੱਖ-ਵੱਖ ਥਾਪੀਆਂ ਹੇਠ ਕੇਸ ਦਰਜ ਕਰ ਲਿਆ ਹੈ।
ਇਸ ਘਟਨਾ ਨੂੰ ਨਸ਼ਾ ਵਿਰੁੱਧ ਮੁਹਿੰਮ ਲਈ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਪੁਲਿਸ ਹਾਲੇ ਵੀ ਮਾਮਲੇ ਦੀ ਗਹਿਰੀ ਜਾਂਚ ਕਰ ਰਹੀ ਹੈ ਕਿ ਨਸ਼ਾ ਕਿੱਥੋਂ ਆਇਆ ਅਤੇ ਹੋਰ ਕੌਣ ਇਸ ’ਚ ਸ਼ਾਮਲ ਹੋ ਸਕਦੇ ਹਨ।

