ਸਮਾਣਾ/ਪਟਿਆਲਾ, 4 ਜੂਨ – ਸਮਾਣਾ ਹਲਕੇ ਦੇ ਪਿੰਡ ਲਲੌਛੀ, ਫਤਿਹਮਾਜਰੀ, ਅਚਰਾਲ ਕਲਾਂ ਅਤੇ ਅਚਰਾਲ ਖੁਰਦ ਦੇ ਕਿਸਾਨਾਂ ਨੇ ਅੱਜ ਖੁਸ਼ੀ ਦਾ ਇਜ਼ਹਾਰ ਕੀਤਾ ਜਦੋਂ ਉਨ੍ਹਾਂ ਦੇ ਖੇਤਾਂ ਤੱਕ ਲਗਭਗ ਪੰਜ ਦਹਾਕਿਆਂ ਬਾਅਦ ਨਹਿਰੀ ਪਾਣੀ ਦੀ ਸਪਲਾਈ ਮੁੜ ਸ਼ੁਰੂ ਹੋਈ। ਇਹ ਯੋਜਨਾ ਕਰੀਬ ₹1.27 ਕਰੋੜ ਦੀ ਲਾਗਤ ਨਾਲ ਪੂਰੀ ਹੋਈ ਹੈ, ਜਿਸ ਨਾਲ 1100 ਏਕੜ ਜ਼ਮੀਨ ਦੀ ਸਿੰਚਾਈ ਹੁਣ ਨਹਿਰੀ ਪਾਣੀ ਰਾਹੀਂ ਹੋ ਸਕੇਗੀ।
ਇਸ ਮੌਕੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਉਦਘਾਟਨ ਕਰਦਿਆਂ ਕਿਹਾ ਕਿ ਇਹ ਪਹਿਲ ਨਾ ਸਿਰਫ਼ ਧਰਤੀ ਹੇਠਲੇ ਪਾਣੀ ਦੀ ਬਚਤ ਕਰੇਗੀ, ਬਲਕਿ ਬਿਜਲੀ ਦੀ ਵੀ ਬਚਤ ਹੋਵੇਗੀ ਕਿਉਂਕਿ ਹੁਣ ਮੋਟਰਾਂ ਦੀ ਵਰਤੋਂ ਘੱਟ ਹੋ ਜਾਏਗੀ।
ਉਨ੍ਹਾਂ ਦੱਸਿਆ ਕਿ ਮਾਈਨਰ ਨੰਬਰ 2 ਨਵਾਡਾ ਰਜਵਾਹਾ ਵਿਚੋਂ ਆਰ.ਡੀ. 13714 ਖੱਬਾ ਪਾਸਾ ਵੱਲ 9860 ਫੁੱਟ ਸੂਏ ਨੂੰ ₹74 ਲੱਖ ਦੀ ਲਾਗਤ ਨਾਲ ਅਤੇ ਸੱਜਾ ਪਾਸਾ ਵੱਲ 7274 ਫੁੱਟ ਲੰਬੇ ਸੂਏ ਨੂੰ ₹55 ਲੱਖ ਦੀ ਲਾਗਤ ਨਾਲ ਪੱਕਾ ਕੀਤਾ ਗਿਆ ਹੈ, ਜਿਸ ਨਾਲ ਲਗਭਗ 592 ਅਤੇ 410 ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮਿਲੇਗਾ।
ਵਿਧਾਇਕ ਨੇ ਇਸ ਗੱਲ 'ਤੇ ਅਫ਼ਸੋਸ ਜਤਾਇਆ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਨਜਾਇਜ਼ ਕਬਜ਼ਿਆਂ ਕਰਕੇ ਪੰਜਾਬ ਦੇ ਕਿਸਾਨ ਨਹਿਰੀ ਪਾਣੀ ਤੋਂ ਵਾਂਜੇ ਰਹੇ ਅਤੇ ਆਪਣੇ ਖੇਤਾਂ ਲਈ ਧਰਤੀ ਹੇਠਲੇ ਪਾਣੀ ਉੱਤੇ ਨਿਰਭਰ ਰਹਿ ਗਏ। ਉਨ੍ਹਾਂ ਦੱਸਿਆ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ 80% ਤੱਕ ਆਪਣਾ ਨਹਿਰੀ ਹਿੱਸਾ ਵਰਤ ਰਿਹਾ ਹੈ।
ਇਸ ਮੌਕੇ ਕਈ ਪਤਵੰਤੇ ਅਤੇ ਪਿੰਡ ਵਾਸੀ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਰਪੰਚ ਅਮਰੀਕ ਸਿੰਘ, ਗੁਰਵਿੰਦਰ ਸਿੰਘ, ਨਿਰਭੈ ਸਿੰਘ, ਨਾਲ ਹੀ ਸਿੰਚਾਈ ਵਿਭਾਗ ਦੇ ਐਸ.ਡੀ.ਓ. ਗੁਰਪ੍ਰੀਤ ਸਿੰਘ, ਜੇ.ਈ. ਮੋਹਿਤ ਬਾਂਸਲ, ਨਹਿਰੀ ਪਟਵਾਰੀ ਆਦਿ ਵੀ ਸ਼ਾਮਲ ਸਨ।

