ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੱਲ ਰਹੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੂੰ ਮੌਕੇ 'ਤੇ ਜਾ ਕੇ ਸਮੀਖਿਆ ਕੀਤੀ। ਉਨ੍ਹਾਂ ਨੇ ਅਖੀਰੀ ਕੰਮਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ, ਜਿਸ ਵਿੱਚ ਸੀ.ਸੀ.ਟੀ.ਵੀ ਇੰਸਟਾਲੇਸ਼ਨ, ਸਫਾਈ ਅਤੇ ਹੋਰ ਬਚੇ ਹੋਏ ਛੋਟੇ ਕੰਮ ਸ਼ਾਮਲ ਹਨ। ਇਹ ਸਾਰੇ ਕੰਮ ਅਗਲੇ ਦੋ ਦਿਨਾਂ ਵਿਚ ਪੂਰੇ ਕਰਨ ਦੀ ਡੈਡਲਾਈਨ ਦਿੱਤੀ ਗਈ ਹੈ।
ਇਸ ਦੌਰਾਨ ਹੋਈ ਸੰਯੁਕਤ ਮੀਟਿੰਗ ਵਿੱਚ ਵਿਭਿੰਨ ਵਿਭਾਗਾਂ ਜਿਵੇਂ ਕਿ ਪੀ.ਡਬਲਯੂ.ਡੀ., ਪਬਲਿਕ ਹੈਲਥ, ਪੀ.ਐਸ.ਪੀ.ਸੀ.ਐਲ., ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.), ਐਨ.ਐਚ.ਏ.ਆਈ., ਡਰੇਨੇਜ ਵਿਭਾਗ ਅਤੇ ਠੇਕੇਦਾਰੀ ਫਰਮਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨ ਦੀ ਨਸੀਹਤ ਦਿੱਤੀ ਤਾਂ ਜੋ ਤਿਆਰੀਆਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟਰਮੀਨਲ ਇਮਾਰਤ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਹਵਾਈ ਅੱਡੇ ਨੂੰ ਅਧਿਕਾਰਕ ਤੌਰ 'ਤੇ ਆਪਣਾ ਕੋਡ ਵੀ ਮਿਲ ਚੁੱਕਾ ਹੈ।
ਹਿਮਾਂਸ਼ੂ ਜੈਨ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ਼ ਯਾਤਰਾ ਲਈ ਹੀ ਨਹੀਂ, ਸਗੋਂ ਇਲਾਕੇ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਲਈ ਵੀ ਇੱਕ ਨਵਾਂ ਅਧਿਆਇ ਲਿਖੇਗਾ। ਇਹ ਹਵਾਈ ਅੱਡਾ ਨਿਰਯਾਤ ਵਧਾਏਗਾ, ਨਵੇਂ ਉਦਯੋਗ ਆਕਰਸ਼ਿਤ ਕਰੇਗਾ ਅਤੇ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ।