ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਭਾ ਦੀ ਨਵੀਂ ਜੇਲ੍ਹ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਹੇਠ ਬੰਦ ਹਨ, ਉਨ੍ਹਾਂ ਨਾਲ ਅੱਜ ਉਨ੍ਹਾਂ ਦੀ ਪਤਨੀ ਅਤੇ ਮਜੀਠਾ ਤੋਂ ਵਿਧਾਇਕ ਗੁਨੀਵ ਕੌਰ ਮਜੀਠੀਆ ਨੇ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ ਡੇਢ ਘੰਟੇ ਤਕ ਚੱਲੀ।
ਮੁਲਾਕਾਤ ਤੋਂ ਬਾਅਦ ਗੁਨੀਵ ਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਜੀਠੀਆ ਹਮੇਸ਼ਾ ਦੀ ਤਰ੍ਹਾਂ ਚੜਦੀ ਕਲਾ ਵਿੱਚ ਹਨ ਅਤੇ ਸਰਕਾਰ ਦੀ ਧੱਕੇਸ਼ਾਹੀ ਤੋਂ ਡਰਦੇ ਨਹੀਂ। ਜੇਲ੍ਹ ਵਿੱਚ ਕੈਮਰੇ ਲਗਾਉਣ ਦੇ ਮਾਮਲੇ 'ਤੇ ਉਨ੍ਹਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਿਰਫ ਪਾਠ ਕਰਦੇ ਹੋਏ ਹੀ ਦੇਖਿਆ ਜਾ ਸਕਦਾ ਹੈ।
ਸੁਰੱਖਿਆ ਸੰਬੰਧੀ ਚਿੰਤਾ ਜਤਾਉਂਦਿਆਂ ਗੁਨੀਵ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਰਟ ਵਿੱਚ ਅਰਜੀ ਦਾਇਰ ਕੀਤੀ ਗਈ ਹੈ ਕਿ ਮਜੀਠੀਆ ਨੂੰ ਕਿਸੇ ਹੋਰ ਕੈਦੀ ਜਾਂ ਹਵਾਲਾਤੀ ਨਾਲ ਨਾ ਰੱਖਿਆ ਜਾਵੇ। ਉਨ੍ਹਾਂ ਨੇ ਮੰਗ ਕੀਤੀ ਕਿ ਮਜੀਠੀਆ ਨੂੰ ਔਰੇਂਜ ਸੁਰੱਖਿਆ ਜ਼ੋਨ ਵਿੱਚ ਰੱਖਿਆ ਜਾਵੇ, ਜਿਸ ਲਈ ਅਗਲੀ ਸੁਣਵਾਈ 17 ਜੁਲਾਈ ਨੂੰ ਹੋਣੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਡਰੱਗ ਕੇਸ ਰਾਹੀਂ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਰਾਹੀਂ ਉਨ੍ਹਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਕੋਲ ਕੋਈ ਠੋਸ ਸਬੂਤ ਨਹੀਂ ਹਨ ਅਤੇ ਮਜੀਠੀਆ ਵੱਲੋਂ ਕੋਰਟ ਵਿੱਚ ਜਮਾਨਤ ਦੀ ਅਰਜ਼ੀ ਵੀ ਲਾਈ ਗਈ ਹੈ, ਜਿਸ ’ਚ ਉਨ੍ਹਾਂ ਨੂੰ ਉਮੀਦ ਹੈ ਕਿ ਇਨਸਾਫ਼ ਮਿਲੇਗਾ।