ਪ੍ਰਮੁੱਖ ਸਿੱਖ ਕਿਸਾਨ ਨੇਤਾ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਜਾ ਰਹੀ ਲੈਂਡ ਪੁਲਿੰਗ ਨੀਤੀ ਨੂੰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ | ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਨੀਤੀ ਵਾਪਸ ਨਾ ਲਈ ਤਾਂ ਲੋਕ ਸੜਕਾਂ 'ਤੇ ਨਿਕਲਣ ਲਈ ਮਜਬੂਰ ਹੋਣਗੇ | ਬਡਹੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਨੀਤੀ ਰਾਹੀਂ ਕਿਸਾਨਾਂ ਦੀ ਜ਼ਮੀਨ ਉਤੇ ਧੱਕੇਸ਼ਾਹੀ ਨਾਲ ਹਕੂਮਤ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਅਫ਼ਸੋਸ ਜਤਾਇਆ ਕਿ ਪਿਛਲੇ ਕੁੱਝ ਸਮੇਂ ਤੋਂ ਸਰਕਾਰ ਵਲੋਂ ਨਿਵੇਸ਼ ਦੇ ਨਾਮ 'ਤੇ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਜਿਸ ਵਿਚ ਲੈਂਡ ਪੁਲਿੰਗ ਨੀਤੀ ਰਾਹੀਂ ਜਨਤਾ ਦੀਆਂ ਅਨਮੋਲ ਜ਼ਮੀਨਾਂ ਹੜੱਪਣ ਦੀ ਯੋਜਨਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਖੇਤੀ ਦੀ ਲਾਗਤ 'ਚ ਵਾਧੇ, ਘੱਟ ਉਤਪਾਦਨ ਮੁੱਲ ਅਤੇ ਮਹਿੰਗੀ ਖਾਦ, ਬਿਜਲੀ ਦੇ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹਨ | ਹੁਣ ਜ਼ਮੀਨ ਜਿਹੜੀ ਉਨ੍ਹਾਂ ਦੀ ਆਮਦਨ ਦਾ ਆਧਾਰ ਹੈ, ਉਸ ਤੇ ਵੀ ਹੱਲਾ ਬੋਲਿਆ ਜਾ ਰਿਹਾ ਹੈ | ਉਨ੍ਹਾਂ ਸਿੱਧਾ ਇਸ਼ਾਰਾ ਕੀਤਾ ਕਿ ਇਸ ਨੀਤੀ ਰਾਹੀਂ ਸਰਕਾਰ ਕਿਸਾਨਾਂ ਨੂੰ ਆਪਣੀ ਹੀ ਜ਼ਮੀਨ ਤੋਂ ਬੇਦਖ਼ਲ ਕਰਨਾ ਚਾਹੁੰਦੀ ਹੈ | ਬਡਹੇੜੀ ਨੇ ਕਿਹਾ ਕਿ ਲੈਂਡ ਪੁਲਿੰਗ ਨੀਤੀ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਆਖ਼ਰ 'ਚ ਕਿਹਾ ਕਿ ਜੇਕਰ ਇਹ ਨੀਤੀ ਵਾਪਸ ਨਾ ਲਈ ਗਈ ਤਾਂ ਕਿਸਾਨ ਮਜ਼ਦੂਰ ਵਰਗ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਜਿਸ ਦੀ ਕਸੂਰਵਾਰ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਅਤੇ ਇਸ ਦੇ ਮੂਕ ਦਰਸ਼ਕ ਬਣੇ ਕਾਰਕੁਨ ਵੀ ਹੋਣਗੇ |