ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਿਆਂਦੇ ਗਏ ਬਿੱਲ ਦੇ ਸੰਦਰਭ ਵਿੱਚ ਅੱਜ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਬਿੱਲ ਨੂੰ ਸਿਆਸੀ ਨਾਟਕ ਕਹਿੰਦੇ ਹੋਏ ਕਿਹਾ ਕਿ ਇਹ ਕੇਵਲ ਡਰਾਮੇਬਾਜ਼ੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਹਾਂ ਪਾਰਟੀਆਂ ਉੱਤੇ ਬੇਅਦਬੀ ਦੇ ਮਾਮਲਿਆਂ 'ਤੇ ਰਾਜਨੀਤੀ ਕਰਨ ਦੇ ਦੋਸ਼ ਲਾਏ। ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਹੋਈਆਂ ਸਾਰੀਆਂ ਬੇਅਦਬੀਆਂ ਦੀ ਜਾਂਚ ਜੱਜਾਂ ਦੀ ਨਿਗਰਾਨੀ ਹੇਠ ਕਰਵਾਈ ਜਾਣੀ ਚਾਹੀਦੀ ਹੈ।
ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਅਕਾਲੀ ਸਰਕਾਰ ਦੇ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਪੰਜਾਬ ਸਰਕਾਰ ਕਰ ਰਹੀ ਸੀ, ਪਰ ਜਦੋਂ ਸੀਬੀਆਈ ਤੋਂ ਜਾਂਚ ਦੀ ਮੰਗ ਹੋਈ ਤਾਂ ਉਹ ਮੰਗ ਮੰਨ ਲਈ ਗਈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਅਜੇ ਤੱਕ ਕੋਈ ਵੀ ਦੋਸ਼ੀ ਫੜਿਆ ਨਹੀਂ ਗਿਆ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਲਿਆਂਦੇ ਗਏ ਬਿਲ ਨੂੰ ਵਿਅਰਥ ਅਤੇ ਲੋਕਾਂ ਨੂੰ ਭਟਕਾਉਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਪਰ ਇਸ 'ਤੇ ਅਜੇ ਵੀ ਸਿਰਫ ਸਿਆਸਤ ਕੀਤੀ ਜਾ ਰਹੀ ਹੈ, ਜੋ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ।
ਸੁਖਬੀਰ ਬਾਦਲ ਨੇ ਕਾਂਗਰਸੀ ਆਗੂ ਪਰਗਟ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਗਏ ਬਿਆਨਾਂ ਨੂੰ ਸੱਚ ਦੇ ਆਧਾਰ 'ਤੇ ਦੱਸਿਆ ਅਤੇ ਮੰਗ ਕੀਤੀ ਕਿ ਉਹ ਕਾਂਗਰਸ ਵਿਚਲਿਆਂ ਉਨ੍ਹਾਂ ਆਗੂਆਂ ਦੇ ਨਾਮ ਜਨਤਕ ਕਰਨ ਜੋ ਬੇਅਦਬੀ ਮਾਮਲਿਆਂ 'ਚ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਕਾਂਗਰਸ ਪਾਰਟੀ ਨੇ ਸਿੱਧਾ ਬੇਅਦਬੀ ਕੀਤੀ ਸੀ, ਜੋ ਇਤਿਹਾਸ ਦਾ ਕਾਲਾ ਪੰਨਾ ਹੈ।
ਆਖ਼ਰ ਵਿੱਚ ਸੁਖਬੀਰ ਬਾਦਲ ਨੇ ਮਾਲੇਰਕੋਟਲਾ ਵਿੱਚ ਹੋਈ ਕੁਰਾਨ ਸ਼ਰੀਫ਼ ਦੀ ਬੇਅਦਬੀ ਦਾ ਜ਼ਿਕਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਨਰੇਸ਼ ਯਾਦਵ ਨੂੰ ਦੋਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਹਰਜੋਤ ਬੈਂਸ ਅਤੇ ਹਰਪਾਲ ਚੀਮਾ ਉਸ ਵੇਲੇ ਉਸ ਦੀ ਵਕਾਲਤ ਕਰ ਰਹੇ ਸਨ। ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਬੇਅਦਬੀ ਵਰਗੀ ਘਟਨਾ ਨਾ ਤਾਂ ਕੀਤੀ ਹੈ ਅਤੇ ਨਾ ਹੀ ਕਰਨ ਬਾਰੇ ਸੋਚ ਸਕਦੀ ਹੈ।