ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 26 ਅਗਸਤ ਨੂੰ ਚੇਨਈ ਵਿੱਚ ਤਾਮਿਲਨਾਡੂ ਸਰਕਾਰ ਵੱਲੋਂ ਆਯੋਜਿਤ "ਮੁੱਖ ਮੰਤਰੀ ਨਾਸ਼ਤਾ ਯੋਜਨਾ" ਦੇ ਵਿਸਥਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਤਰਫੋਂ ਰਾਜ ਸਭਾ ਮੈਂਬਰ ਸ੍ਰੀ ਵਿਲਸਨ ਨੇ ਮਾਨ ਨੂੰ ਰਸਮੀ ਸੱਦਾ ਦਿੱਤਾ।
ਇਸ ਮੌਕੇ ‘ਤੇ ਸ਼ਹਿਰੀ ਖੇਤਰਾਂ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਨਾਸ਼ਤਾ ਯੋਜਨਾ ਦਾ ਵਿਸਥਾਰ ਕੀਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਨੂੰ ਆਪਣੇ ਲਈ ਮਾਣ ਵਾਲੀ ਗੱਲ ਕਰਾਰ ਦਿੰਦੇ ਹੋਏ ਤਾਮਿਲਨਾਡੂ ਸਰਕਾਰ ਦੀ ਭਲਾਈ-ਮੁਖੀ ਅਤੇ ਪ੍ਰਗਤੀਸ਼ੀਲ ਯੋਜਨਾਵਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ 2022 ਵਿੱਚ ਸ਼ੁਰੂ ਹੋਈ ਇਹ ਯੋਜਨਾ ਵਿਦਿਆਰਥੀਆਂ ਦੀ ਹਾਜ਼ਰੀ ਵਧਾਉਣ, ਪੋਸ਼ਣ ਸਥਿਤੀ ਸੁਧਾਰਨ, ਬਿਮਾਰੀਆਂ ਘਟਾਉਣ ਅਤੇ ਮਾਵਾਂ ਦਾ ਬੋਝ ਹਲਕਾ ਕਰਨ ਵਿੱਚ ਬਹੁਤ ਸਫਲ ਰਹੀ ਹੈ। ਅਜੇ ਤੱਕ 34,987 ਸਕੂਲਾਂ ਦੇ 7.53 ਲੱਖ ਬੱਚਿਆਂ ਨੂੰ ਇਸ ਯੋਜਨਾ ਦਾ ਸਿੱਧਾ ਲਾਭ ਮਿਲ ਚੁੱਕਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਸਮਾਜ ਦੇ ਦੱਬੇ-ਕੁਚਲੇ ਵਰਗਾਂ ਲਈ ਬਹੁਤ ਜ਼ਰੂਰੀ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਸਿੱਖਿਆ ਅਤੇ ਸਿਹਤ ਨੂੰ ਸਦਾ ਹੀ ਸ਼ਾਸਨ ਦੇ ਮੁੱਖ ਕੇਂਦਰ ਵਿੱਚ ਰੱਖਿਆ ਗਿਆ ਹੈ। ਮਾਨ ਨੇ ਸੱਦਾ ਦੇਣ ਲਈ ਰਾਜ ਸਭਾ ਮੈਂਬਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਜਿਕ ਤੇ ਸਿੱਖਿਆ ਸੁਧਾਰਾਂ ਵਿੱਚ ਅਗਵਾਈ ਕਰਨ ਵਾਲੇ ਰਾਜ ਤਾਮਿਲਨਾਡੂ ਦੇ ਇੱਕ ਮਹੱਤਵਪੂਰਨ ਸਮਾਗਮ ਦਾ ਹਿੱਸਾ ਬਣਨਾ ਉਨ੍ਹਾਂ ਲਈ ਯਾਦਗਾਰ ਅਨੁਭਵ ਰਹੇਗਾ।