ਪੰਜਾਬ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਆਪਣੇ ਹਲਕੇ ਦੇ ਪਿੰਡ ਰੋਮਾਣਾ ਚੱਕ, ਜੱਬੋਵਾਲ ਅਤੇ ਕੋਟਲਾ ਬਥੂਨਗੜ੍ਹ ਵਿੱਚ ਆਧੁਨਿਕ ਖੇਡ ਸਟੇਡੀਅਮ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਇਲਾਕੇ ਦੀ ਪ੍ਰਸਿੱਧ ਧਾਰਮਿਕ ਹਸਤੀ ਜਥੇਦਾਰ ਬਾਬਾ ਜੋਗਾ ਸਿੰਘ ਨੇ ਨੀਂਹ ਪੱਥਰ ਰੱਖ ਕੇ ਉਸਾਰੀ ਕਾਰਜ ਦਾ ਸ਼ੁਭ ਆਰੰਭ ਕੀਤਾ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਖੇਡਾਂ ਰਾਹੀਂ ਨੌਜਵਾਨਾਂ ਵਿੱਚ ਅਨੁਸ਼ਾਸਨ ਤੇ ਤੰਦਰੁਸਤੀ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਖੇਡਾਂ ਦਾ ਮਾਹੌਲ ਬਣਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਸ ਲਈ ਮੁੱਖ ਮੰਤਰੀ ਵੱਲੋਂ ਤੁਰੰਤ 5 ਕਰੋੜ ਰੁਪਏ ਜਾਰੀ ਕਰਕੇ ਸਟੇਡੀਅਮਾਂ ਦੇ ਨਿਰਮਾਣ ਲਈ ਮੰਜੂਰੀ ਦਿੱਤੀ ਗਈ।
ਉਹਨਾਂ ਹੋਰ ਦੱਸਿਆ ਕਿ ਕੋਟਲਾ ਬਥੂਨਗੜ੍ਹ ਸਟੇਡੀਅਮ ਦੀ ਅਪਗਰੇਡੇਸ਼ਨ ਤੇ 2 ਕਰੋੜ 50 ਲੱਖ ਰੁਪਏ, ਰੋਮਾਣਾ ਚੱਕ ਸਟੇਡੀਅਮ ਉੱਤੇ 1 ਕਰੋੜ 33 ਲੱਖ ਰੁਪਏ ਅਤੇ ਜੱਬੋਵਾਲ ਸਟੇਡੀਅਮ ਉੱਤੇ 1 ਕਰੋੜ 76 ਲੱਖ ਰੁਪਏ ਦੀ ਲਾਗਤ ਆਵੇਗੀ। ਸਟੇਡੀਅਮਾਂ ਵਿੱਚ ਫੁੱਟਬਾਲ ਮੈਦਾਨ, ਕ੍ਰਿਕਟ ਪਿੱਚ, ਜੋਗਿੰਗ ਟਰੈਕ, ਚਾਰ ਦੁਆਰੀ, ਬੈਠਣ ਦੀਆਂ ਪੌੜੀਆਂ, ਟਾਇਲਟ ਬਲਾਕ ਅਤੇ ਲਾਈਟਾਂ ਸਮੇਤ ਸਾਰੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ।
ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ ਅਤੇ ਛੇ ਮਹੀਨਿਆਂ ਦੇ ਅੰਦਰ ਉਸਾਰੀ ਪੂਰੀ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ ਗੁਰਪ੍ਰਤਾਪ ਸਿੰਘ ਸੰਧੂ, ਬਲਾਕ ਪ੍ਰਧਾਨ ਸ੍ਰੀ ਭੁਪਿੰਦਰ ਸਿੰਘ, ਪਿੰਡਾਂ ਦੇ ਸਰਪੰਚਾਂ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ।