ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਮੁਹਾਰ ਜਮਸ਼ੇਰ ਦਾ ਦੌਰਾ ਕਰਨ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿੱਧਾ ਲੋਕਾਂ ਨਾਲ ਮਿਲਕੇ ਹਾਲਾਤ ਜਾਣਿਆ। ਇਹ ਪਿੰਡ ਕੰਡਿਆਲੀ ਤਾਰ ਦੇ ਪਾਰ ਸਥਿਤ ਹੈ ਅਤੇ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ। ਮੰਤਰੀ ਨੇ ਪੱਤਣ ਪੋਸਤ ਤੋਂ ਪਿੰਡ ਤੱਕ ਟਰੈਕਟਰ ਟਰਾਲੀ ਰਾਹੀਂ ਯਾਤਰਾ ਕੀਤੀ ਅਤੇ ਪਿੰਡ ਦੇ ਆਖਰੀ ਘਰ ਤੱਕ ਪਹੁੰਚ ਕੇ ਵਾਸੀਆਂ ਨਾਲ ਗੱਲਬਾਤ ਕੀਤੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹਾਲਾਂਕਿ ਪਿੰਡ ਚਾਰ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ, ਪਰ ਪਿੰਡ ਦੇ ਅੰਦਰ ਪਾਣੀ ਨਹੀਂ ਹੈ ਅਤੇ ਲੋਕ ਚੜਦੀ ਕਲਾ ਵਿੱਚ ਹਨ। ਮੰਤਰੀ ਨੇ ਹਰੇ ਚਾਰੇ ਅਤੇ ਕੈਟਲ ਫੀਡ ਭੇਜਣ ਦਾ ਐਲਾਨ ਕੀਤਾ, ਅਤੇ ਜਰੂਰਤ ਅਨੁਸਾਰ ਲੋਕਾਂ ਨੂੰ ਰਾਸ਼ਨ ਕਿੱਟਾਂ ਦੀ ਮੁਹਈਆ ਕਰਨ ਦਾ ਭੀ ਯਕੀਨ ਦਿਲਾਇਆ। ਪਿੰਡ ਵਿੱਚ ਪਾਣੀ ਲਈ ਆਰਓ ਸਿਸਟਮ ਚਾਲੂ ਹੈ ਅਤੇ ਸਾਰੇ ਪਿੰਡਾਂ ਵਿੱਚ ਸਾਫ ਪਾਣੀ ਉਪਲਬਧ ਹੋਣ ਦੀ ਗਾਰੰਟੀ ਦਿੱਤੀ ਗਈ।
ਡਾ. ਬਲਬੀਰ ਸਿੰਘ ਦੇ ਨਾਲ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੀ ਮੌਜੂਦ ਸਨ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਇਹ ਤੀਜਾ ਮੰਤਰੀ ਹੈ ਜੋ ਇਸ ਪਿੰਡ ਦਾ ਦੌਰਾ ਕਰ ਰਿਹਾ ਹੈ। ਸਰਕਾਰ ਦਾ ਉਦੇਸ਼ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੇਜ਼ੀ ਨਾਲ ਰਾਹਤ ਪਹੁੰਚਾਈ ਜਾਵੇ ਅਤੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਸਹੂਲਤਾਂ ਉਪਲਬਧ ਕਰਵਾਈਆਂ ਜਾਣ।
ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਹੜ੍ਹ ਇੱਕ ਕੁਦਰਤੀ ਆਫਤ ਹੈ ਅਤੇ ਇਸ ਵਿੱਚ ਪਹਿਲੀ ਪ੍ਰਾਥਮਿਕਤਾ ਹੜ੍ਹ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ 9 ਕੈਬਨਿਟ ਮੰਤਰੀਆਂ ਦੀ ਇੱਕ ਟੀਮ ਬਣਾਈ ਹੈ ਜੋ ਹੜ੍ਹ ਦੀ ਸਮੱਸਿਆ ਦਾ ਪੱਕਾ ਹੱਲ ਲੱਭਣ ਲਈ ਵਿਗਿਆਨਿਕ ਅਤੇ ਪ੍ਰਭਾਵਸ਼ਾਲੀ ਉਪਰਾਲੇ ਕਰੇਗੀ, ਜਿਸ ਵਿੱਚ ਦਰਿਆਵਾਂ ਤੋਂ ਮਿੱਟੀ ਹਟਾਉਣ, ਕੰਡਿਆਂ ਨੂੰ ਮਜ਼ਬੂਤ ਕਰਨ ਅਤੇ ਚੈੱਕ ਡੈਮ ਬਣਾਉਣ ਸ਼ਾਮਲ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ, ਐਸਡੀਐਮ ਵੀਰਪਾਲ ਕੌਰ, ਖੁਸ਼ਬੂ ਸਾਵਨ ਸੁੱਖਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ ਵੀ ਮੌਜੂਦ ਸਨ।