ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਰਾਤ ਦੇ ਸਮੇਂ ਇੱਕ ਦਹਿਸ਼ਤਪੂਰਨ ਘਟਨਾ ਸਾਹਮਣੇ ਆਈ। ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ, ਜਿਨ੍ਹਾਂ ‘ਚੋਂ ਇੱਕ ਬਾਹਰ ਖੜਾ ਰਿਹਾ ਅਤੇ ਦੂਜਾ ਰੈਸਟੋਰੈਂਟ ਅੰਦਰ ਦਾਖਲ ਹੋਇਆ। ਉਨ੍ਹਾਂ ਨੇ ਰੈਸਟੋਰੈਂਟ ਮਾਲਕ ਆਸ਼ੂਤੋਸ਼ ਮਹਾਜਨ ਨੂੰ ਲਗਭਗ ਛੇ ਗੋਲੀਆਂ ਮਾਰੀ, ਜਿਸ ਵਿੱਚੋਂ ਤਿੰਨ ਉਸਨੂੰ ਲੱਗ ਗਈਆਂ। ਆਸ਼ੂਤੋਸ਼ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਰੈਸਟੋਰੈਂਟ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਘਟਨਾ ਤੋਂ ਇੱਕ ਘੰਟਾ ਪਹਿਲਾਂ ਹੀ ਪੁਲਿਸ ਨੂੰ ਸੂਚਿਤ ਕਰ ਚੁੱਕੇ ਸਨ, ਪਰ ਫੌਰੀ ਕਾਰਵਾਈ ਨਾ ਹੋਣ ਕਾਰਨ ਆਰੋਪੀਆਂ ਨੂੰ ਫੜਿਆ ਨਹੀਂ ਜਾ ਸਕਿਆ। ਮਾਮਲੇ ਦੀ ਜਾਂਚ ਲਈ ਮੋਹਕੰਪੁਰਾ ਥਾਣਾ ਮੌਕੇ ‘ਤੇ ਪਹੁੰਚਿਆ ਅਤੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ। ਪੁਲਿਸ ਮੁਤਾਬਕ ਇਹ ਘਟਨਾ ਬਿੱਲ ਦੇ ਲੈਣ-ਦੇਣ ਜਾਂ ਕਿਸੇ ਫਿਰੋਤੀ ਦੀ ਕੋਸ਼ਿਸ਼ ਨਾਲ ਜੁੜੀ ਹੋ ਸਕਦੀ ਹੈ।
ਦੂਜੇ ਪਾਸੇ, ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਨੇ ਮਾਮਲੇ ਦੀ ਪੂਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਕਹਿਆ ਹੈ ਕਿ ਜ਼ਿੰਮੇਵਾਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨੀ ਸਖ਼ਤ ਕਾਰਵਾਈ ਕੀਤੀ ਜਾਵੇਗੀ।