ਜਲੰਧਰ| ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਾਲ ਦੀਵਾਲੀ ਮੌਕੇ ਲੱਗਣ ਵਾਲੀ ਅਸਥਾਈ ਪਟਾਖਾ ਮਾਰਕੀਟ ਲਈ ਨਵੇਂ ਸਥਾਨ 'ਤੇ ਸੁਰੱਖਿਆ ਅਤੇ ਹੋਰ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਮਾਰਕੀਟ ਇਸ ਵਾਰ ਪਠਾਨਕੋਟ ਬਾਈਪਾਸ, ਜਲੰਧਰ ਨੇੜੇ ਖਾਲੀ ਜ਼ਮੀਨ 'ਤੇ ਲਗਾਈ ਜਾਵੇਗੀ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਇਸ ਸਬੰਧੀ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ (Department of Industries and Commerce) ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
ਡਾ. ਅਗਰਵਾਲ ਨੇ ਆਪਣੇ ਹੁਕਮਾਂ ਵਿੱਚ ਸਿਵਲ ਸਰਜਨ, ਜਲੰਧਰ ਅਤੇ ਸਹਾਇਕ ਡਵੀਜ਼ਨਲ ਫਾਇਰ ਅਫ਼ਸਰ, ਜਲੰਧਰ ਨੂੰ ਵੀ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ।
ਬਰਲਟਨ ਪਾਰਕ ਵਿੱਚ ਉਸਾਰੀ ਕਾਰਨ ਲਿਆ ਗਿਆ ਫੈਸਲਾ
ਆਮ ਤੌਰ 'ਤੇ ਜ਼ਿਲ੍ਹੇ ਵਿੱਚ ਹਰ ਸਾਲ ਦੀਵਾਲੀ ਦੇ ਤਿਉਹਾਰ 'ਤੇ ਪਟਾਖਾ ਮਾਰਕੀਟ ਬਰਲਟਨ ਪਾਰਕ ਵਿੱਚ ਲਗਾਈ ਜਾਂਦੀ ਸੀ, ਪਰ ਇਸ ਸਾਲ ਇਸ ਥਾਂ 'ਤੇ ਉਸਾਰੀ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੋਣ ਕਾਰਨ ਅਸਥਾਈ ਪਟਾਖਾ ਮਾਰਕੀਟ ਲਗਾਉਣੀ ਸੰਭਵ ਨਹੀਂ ਹੈ।
ਆਦੇਸ਼ ਅਨੁਸਾਰ, ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੀਆਂ ਹਦਾਇਤਾਂ ਤਹਿਤ 'ਦਿ ਐਕਸਪਲੋਸਿਵ ਰੂਲਜ਼ 2008' ਦੇ ਅਧੀਨ ਪਟਾਖਿਆਂ ਦੀਆਂ ਅਸਥਾਈ ਦੁਕਾਨਾਂ ਲਈ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ।
ਨਗਰ ਨਿਗਮ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ, ਜਲੰਧਰ ਵੱਲੋਂ ਪੱਤਰ ਵਿੱਚ ਦਰਜ ਤੱਥਾਂ ਅਨੁਸਾਰ, ਇਸ ਸਾਲ ਅਸਥਾਈ ਪਟਾਖਾ ਮਾਰਕੀਟ ਲਈ ਪਠਾਨਕੋਟ ਬਾਈਪਾਸ ਨੇੜੇ (2.2 ਏਕੜ ਤੋਂ 2.5 ਏਕੜ) ਖਾਲੀ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਅਧਿਕਾਰੀਆਂ ਨੂੰ ਨਿਰਧਾਰਤ ਨਿਯਮਾਂ ਤਹਿਤ ਸਾਰੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ ਹੈ।

