ਲੁਧਿਆਣਾ: ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਲਈ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਪਹਿਲਾਂ ਦੇਰ ਰਾਤ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਅਹੁਦੇ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ, ਅਤੇ ਹੁਣ ਲੁਧਿਆਣਾ ਦੇ ਸਮਰਾਲਾ ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਇੱਕ ਹੋਰ ਐਫਆਈਆਰ ਦਰਜ ਕਰ ਲਈ ਗਈ ਹੈ।
ਇਹ ਨਵੀਂ ਐਫਆਈਆਰ ਸੀਬੀਆਈ ਵੱਲੋਂ ਡੀਆਈਜੀ ਭੁੱਲਰ ਦੇ ਬੌਂਦਲੀ ਪਿੰਡ ਵਿੱਚ ਸਥਿਤ 'ਵਿਰਾਸਤ ਲੋਕੇਸ਼ਨ ਮਹਿਲ ਫਾਰਮ' ਦੀ ਤਲਾਸ਼ੀ ਦੌਰਾਨ ਹੋਈ ਬਰਾਮਦਗੀ ਨਾਲ ਸਬੰਧਤ ਹੈ। ਸੀਬੀਆਈ ਨੇ ਫਾਰਮ ਹਾਊਸ ਵਿੱਚੋਂ ਨਾਜਾਇਜ਼ ਤੌਰ 'ਤੇ ਸਟੋਰ ਕੀਤੀ ਗਈ ਸ਼ਰਾਬ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਸੀਬੀਆਈ ਨੇ 108 ਬੋਤਲਾਂ ਸ਼ਰਾਬ, 17 ਕਾਰਤੂਸ ਬਰਾਮਦ ਕੀਤੇ
ਐਫਆਈਆਰ ਮੁਤਾਬਕ, ਸੀਬੀਆਈ ਨੇ ਛਾਪੇਮਾਰੀ ਦੌਰਾਨ 108 ਬੋਤਲਾਂ ਮਹਿੰਗੀ ਸ਼ਰਾਬ ਬਰਾਮਦ ਕੀਤੀ, ਜਿਸ ਦੀ ਕੀਮਤ ਕਰੀਬ ₹2.89 ਲੱਖ ਦੱਸੀ ਗਈ ਹੈ। ਇਹ ਸਾਰੀ ਸ਼ਰਾਬ ਫਾਰਮ ਹਾਊਸ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰੱਖੀ ਗਈ ਸੀ। ਇਸ ਤੋਂ ਇਲਾਵਾ, ਤਲਾਸ਼ੀ ਦੌਰਾਨ ਡੀਆਈਜੀ ਭੁੱਲਰ ਦੇ ਫਾਰਮ ਹਾਊਸ ਵਿੱਚੋਂ 17 ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਪਿੰਡ ਵਾਸੀਆਂ ਅਨੁਸਾਰ, ਇਹ ਫਾਰਮ ਹਾਊਸ ਹਾਲ ਹੀ ਵਿੱਚ ਪ੍ਰੀ-ਵੈਡਿੰਗ ਸ਼ੂਟ, ਗੀਤਾਂ ਦੀ ਰਿਕਾਰਡਿੰਗ ਅਤੇ ਵਿਆਹ ਸਮਾਗਮਾਂ ਲਈ ਕਿਰਾਏ 'ਤੇ ਦਿੱਤਾ ਜਾਂਦਾ ਸੀ।
ਸੀਬੀਆਈ ਇੰਸਪੈਕਟਰ ਰੋਮੀਪਾਲ ਦੇ ਬਿਆਨ 'ਤੇ ਇਹ ਕਾਰਵਾਈ ਕੀਤੀ ਗਈ ਹੈ।
ਆਬਕਾਰੀ ਐਕਟ ਤਹਿਤ ਦਰਜ ਹੋਇਆ ਮਾਮਲਾ
ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 16 ਅਕਤੂਬਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ, ਸੀਬੀਆਈ ਨੇ ਭੁੱਲਰ ਦੇ ਇਸ ਆਲੀਸ਼ਾਨ ਫਾਰਮ ਹਾਊਸ 'ਤੇ ਛਾਪਾ ਮਾਰਿਆ ਸੀ। ਸ਼ਰਾਬ ਦੀ ਬਰਾਮਦਗੀ ਤੋਂ ਬਾਅਦ, ਸੀਬੀਆਈ ਨੇ ਸਮਰਾਲਾ ਪੁਲਿਸ ਅਤੇ ਆਬਕਾਰੀ ਇੰਸਪੈਕਟਰ ਵਿਜੇ ਕੁਮਾਰ ਅਤੇ ਮੇਜਰ ਸਿੰਘ ਦੀ ਮੌਜੂਦਗੀ ਵਿੱਚ ਸ਼ਰਾਬ ਉਨ੍ਹਾਂ ਨੂੰ ਸੌਂਪ ਦਿੱਤੀ।
ਇਸ ਬਰਾਮਦਗੀ ਦੇ ਆਧਾਰ 'ਤੇ, ਭੁੱਲਰ ਵਿਰੁੱਧ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਆਬਕਾਰੀ ਐਕਟ ਦੀ ਧਾਰਾ 61, 1 ਅਤੇ 14 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 17 ਜ਼ਿੰਦਾ ਕਾਰਤੂਸ ਗੈਰ-ਕਾਨੂੰਨੀ ਢੰਗ ਨਾਲ ਰੱਖਣ ਦੇ ਦੋਸ਼ ਵਿੱਚ ਜਲਦ ਹੀ ਐਫਆਈਆਰ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ, ਜਿਸ ਨਾਲ ਡੀਆਈਜੀ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ। ਜ਼ਿਕਰਯੋਗ ਹੈ ਕਿ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਆਕਾਸ਼ ਬੱਟਾ ਤੋਂ ₹8 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੂਬੇ ਦੇ ਸਾਬਕਾ ਪੁਲਿਸ ਅਧਿਕਾਰੀ ਦਾ ਇਸ ਤਰ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ 'ਚ ਫਸਣਾ ਪੰਜਾਬ ਪੁਲਿਸ ਦੀ ਸਾਖ 'ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ, ਜਿਸਦੀ ਅੱਗੇ ਹੋਰ ਜਾਂਚ ਕੀਤੀ ਜਾਵੇਗੀ।

