ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI Airport) 'ਤੇ ਸ਼ੁੱਕਰਵਾਰ ਨੂੰ ਉਡਾਣਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਦੋਂ ਏਅਰ ਟ੍ਰੈਫਿਕ ਕੰਟਰੋਲ (ATC) ਦੇ ਆਟੋਮੈਟਿਕ ਸਿਸਟਮ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ। ਇਸ ਕਾਰਨ 300 ਤੋਂ ਵੱਧ ਉਡਾਣਾਂ ਦੇ ਉਡਾਣ ਅਤੇ ਲੈਂਡਿੰਗ ਸਮੇਂ ਵਿੱਚ ਗੰਭੀਰ ਦੇਰੀ ਹੋਈ। ਇਹ ਖਰਾਬੀ ATC ਦੇ ਆਟੋਮੈਟਿਕ ਮੈਸੇਜ ਸਵਿੱਚ ਸਿਸਟਮ (AMSS) 'ਚ ਆਈ, ਜੋ ਜਹਾਜ਼ਾਂ ਦੀ ਆਉਣ-ਜਾਣ ਸਮਾਂ-ਸਾਰਣੀ, ਟੇਕਆਫ ਅਤੇ ਲੈਂਡਿੰਗ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ।
ਰਿਪੋਰਟਾਂ ਮੁਤਾਬਕ, ਸਿਸਟਮ ਡਾਊਨ ਹੋਣ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲਰਾਂ ਨੂੰ ਡਾਟਾ ਹੱਥੀਂ ਤਿਆਰ ਕਰਨਾ ਪਿਆ, ਜਿਸ ਕਾਰਨ ਉਡਾਣਾਂ ਦੀ ਤਿਆਰੀ ਅਤੇ ਪ੍ਰਬੰਧ ਵਿੱਚ ਵੱਡੀ ਰੁਕਾਵਟ ਆਈ। ਨਤੀਜੇ ਵਜੋਂ, ਦਿੱਲੀ ਤੋਂ ਆਉਣ ਜਾਂ ਜਾਣ ਵਾਲੀਆਂ ਉਡਾਣਾਂ ਘੰਟਿਆਂ ਤੱਕ ਦੇਰੀ ਨਾਲ ਚੱਲਦੀਆਂ ਰਹੀਆਂ। ਕੁਝ ਉਡਾਣਾਂ ਨੂੰ ਟੈਕਸੀਵੇਅ ਤੇ ਰੋਕਣਾ ਪਿਆ ਜਦਕਿ ਕਈ ਯਾਤਰੀ ਟਰਮੀਨਲਾਂ 'ਤੇ ਲੰਮੇ ਸਮੇਂ ਲਈ ਫਸੇ ਰਹੇ।
ਇਸ ਤਕਨੀਕੀ ਖਰਾਬੀ ਦਾ ਅਸਰ ਕੇਵਲ ਦਿੱਲੀ ਤੱਕ ਹੀ ਸੀਮਿਤ ਨਹੀਂ ਰਿਹਾ - ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ 'ਤੇ ਵੀ ਇਸ ਦਾ ਪ੍ਰਭਾਵ ਦੇਖਿਆ ਗਿਆ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀਆਂ 10 ਉਡਾਣਾਂ ਅਤੇ ਚੰਡੀਗੜ੍ਹ ਤੋਂ ਦਿੱਲੀ ਲਈ 2 ਉਡਾਣਾਂ ਦੇਰੀ ਨਾਲ ਉੱਡੀਆਂ। ਇਸ ਤੋਂ ਇਲਾਵਾ, ਚੰਡੀਗੜ੍ਹ ਤੋਂ ਮੁੰਬਈ ਜਾਣ ਵਾਲੀ ਇੱਕ ਉਡਾਣ ਦੇ ਯਾਤਰੀ ਇੱਕ ਘੰਟੇ ਤੋਂ ਵੱਧ ਸਮੇਂ ਲਈ ਰੁਕੇ ਰਹੇ।
ਏਅਰ ਇੰਡੀਆ ਅਤੇ ਇੰਡੀਗੋ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਵਿੱਚ ਯਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਦਿੱਲੀ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਪੁਸ਼ਟੀ ਜ਼ਰੂਰ ਕਰ ਲੈਣ। ਫਿਲਹਾਲ ਕਈ ਉਡਾਣਾਂ ਦੋ ਤੋਂ ਚਾਰ ਘੰਟੇ ਤੱਕ ਦੇਰੀ ਨਾਲ ਚੱਲ ਰਹੀਆਂ ਹਨ।
ਦਿੱਲੀ ਹਵਾਈ ਅੱਡਾ ਅਥਾਰਟੀ ਨੇ ਇਸ ਘਟਨਾ ਬਾਰੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਸਿਸਟਮ ਕਦੋਂ ਪੂਰੀ ਤਰ੍ਹਾਂ ਮੁੜ ਚਾਲੂ ਹੋਵੇਗਾ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ, ਟੀਮਾਂ ਖਰਾਬੀ ਨੂੰ ਠੀਕ ਕਰਨ ਵਿੱਚ ਲੱਗੀਆਂ ਹੋਈਆਂ ਹਨ ਅਤੇ ਹਾਲਾਤਾਂ ਨੂੰ ਜਲਦੀ ਸਧਾਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

