ਜਲੰਧਰ ਦੇ ਬਸਤੀ ਬਾਵਾ ਖੇਲ ਖੇਤਰ ਵਿੱਚ 21 ਸਾਲਾ ਕੁੜੀ ਦੀ ਖੁਦਕੁਸ਼ੀ ਦੇ ਮਾਮਲੇ ਤੋਂ ਬਾਅਦ ਸਥਾਨਕ ਤਣਾਅ ਹੋਰ ਵਧ ਗਿਆ ਹੈ। ਕੁਝ ਦਿਨ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੇ ਧਰਨੇ ਦੌਰਾਨ ਇੱਕ ਸਿੱਖ ਬੀਬੀ ਨਾਲ ਤਿੱਖੀ ਬਹਿਸ ਦਾ ਵੀ ਵੀਡੀਓ ਸਾਹਮਣੇ ਆਇਆ ਸੀ। ਹੁਣ ਇੱਕ ਹੋਰ ਨਵੀਂ ਵੀਡੀਓ ਨੇ ਪੂਰੇ ਮਾਮਲੇ ਨੂੰ ਹੋਰ ਭੜਕਾ ਦਿੱਤਾ ਹੈ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰਦਰਸ਼ਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਦੇ ਬਾਹਰ ਭਾਰੀ ਇਕੱਠ ਕਰਕੇ ਘਿਰਾਓ ਕੀਤਾ। ਇਸ ਦੌਰਾਨ ਇੱਕ ਪ੍ਰਵਾਸੀ ਮਹਿਲਾ ਨੇ ਪਟਨਾ ਸਾਹਿਬ ਵਿੱਚ ਰਹਿੰਦੇ ਪੰਜਾਬੀਆਂ ਖ਼ਿਲਾਫ਼ ਅਪਸ਼ਬਦ ਵਰਤੇ ਅਤੇ ਕਿਹਾ ਕਿ ਉਹ “ਪਟਨਾ ਵਿੱਚ ਬੈਠੇ ਪੰਜਾਬੀਆਂ ਨੂੰ ਜੁੱਤੀਆਂ ਮਾਰੇਗੀ।” ਇਸ ਬਿਆਨ ਨੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਅਤੇ ਸਥਿਤੀ ਤਣਾਅਪੂਰਨ ਹੋ ਗਈ।
ਇਸ ਬਿਆਨ ਅਤੇ ਪ੍ਰਦਰਸ਼ਨ ਦੌਰਾਨ ਮਾਹੌਲ ਖਰਾਬ ਕਰਨ ਦੇ ਦੋਸ਼ਾਂ ਨੂੰ ਲੈ ਕੇ ਸਿੱਖ ਸੰਗਠਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਨੇ ਏਸੀਪੀ ਵੈਸਟ ਕੋਲ ਅਧਿਕਾਰਿਕ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਪ੍ਰਵਾਸੀ ਮਹਿਲਾ ਦੀਆਂ ਗਾਲਾਂ ਅਤੇ ਧਮਕੀਵਾਜ਼ ਬਿਆਨ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਡੂੰਘੀ ਚੋਟ ਪਹੁੰਚਾਉਂਦੇ ਹਨ।
ਸਿੱਖ ਜਥੇਬੰਦੀਆਂ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਵਿਰੋਧ ਦੌਰਾਨ ਇੱਕ ਸਿੱਖ ਔਰਤ 'ਤੇ ਹਮਲਾ ਵੀ ਕੀਤਾ ਗਿਆ ਸੀ, ਜਿਸ ਕਾਰਨ ਭਾਈਚਾਰੇ ਵਿੱਚ ਪਰੇਸ਼ਾਨੀ ਅਤੇ ਗੁੱਸਾ ਵੱਧ ਗਿਆ ਹੈ। ਜਲੰਧਰ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ, ਇਕਵਾਲ ਸਿੰਘ ਢੀਂਡਸਾ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਪੁਲਿਸ ਨੂੰ ਪ੍ਰਵਾਸੀ ਮਹਿਲਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਵੱਖ-ਵੱਖ ਸਿੱਖ ਸੰਗਠਨਾਂ ਅਤੇ ਅਕਾਲੀ ਦਲ ਨੇ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਅਤੇ ਏਸੀਪੀ ਜਲੰਧਰ ਵੈਸਟ ਦਫ਼ਤਰ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਅਤੇ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

