ਹਾਈਕੋਰਟ ਵੱਲੋਂ ਮੋਡੀਫਾਈਡ ਵਾਹਨਾਂ ਅਤੇ ਬਿਨਾਂ ਰਜਿਸਟ੍ਰੇਸ਼ਨ ਚੱਲ ਰਹੀਆਂ ਜੁਗਾੜੂ ਰੇਹੜੀਆਂ ਖ਼ਿਲਾਫ਼ ਜਾਰੀ ਕੀਤੀਆਂ ਸਖ਼ਤ ਹਦਾਇਤਾਂ ਦੇ ਮੱਦੇਨਜ਼ਰ, ਗੁਰਦਾਸਪੁਰ ਟਰੈਫਿਕ ਪੁਲਿਸ ਨੇ ਵੱਡੇ ਪੱਧਰ ’ਤੇ ਮੁਹਿੰਮ ਚਾਲੂ ਕਰ ਦਿੱਤੀ ਹੈ। ਜਿਹੜੇ ਲੋਕ ਆਪਣੀਆਂ ਕਾਰਾਂ ਅਤੇ ਜੀਪਾਂ ਨੂੰ ਲੱਖਾਂ ਰੁਪਏ ਲਗਾ ਕੇ ਮੋਡੀਫਾਈ ਕਰਵਾ ਲੈਂਦੇ ਹਨ, ਖ਼ਾਸ ਕਰਕੇ ਉਹ ਜੋ ਟਾਇਰ ਚੌੜੇ ਕਰਵਾ ਕੇ ਸੜਕਾਂ ’ਤੇ ਦਿਖਾਵਾ ਕਰਦੇ ਹਨ, ਉਹਨਾਂ ਲਈ ਪੁਲਿਸ ਹੁਣ ਕੜੀ ਕਾਰਵਾਈ ਕਰ ਰਹੀ ਹੈ। ਅੱਜ ਟਰੈਫਿਕ ਇਨਚਾਰਜ ਸਤਨਾਮ ਸਿੰਘ ਦੀ ਅਗਵਾਈ ਹੇਠ ਕਈ ਅਜਿਹੇ ਵਾਹਨਾਂ ਅਤੇ ਜੁਗਾੜੂ ਰੇਹੜੀਆਂ ਦੇ ਭਾਰੀ ਚਲਾਨ ਕੱਟੇ ਗਏ, ਜਿਸ ਨਾਲ ਲੋਕਾਂ ਵਿੱਚ ਚਿੰਤਾ ਵੀ ਵਧ ਗਈ ਹੈ।
ਟਰੈਫਿਕ ਇਨਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਮੋਡੀਫਿਕੇਸ਼ਨ ਜਾਂ ਬਿਨਾਂ ਨੰਬਰ ਪਲੇਟ ਤੇ ਰਜਿਸਟ੍ਰੇਸ਼ਨ ਵਾਲੀ ਜੁਗਾੜੂ ਰੇਹੜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਅਜਿਹੇ ਵਾਹਨ ਰੱਖਦੇ ਹਨ, ਉਹ ਉਹਨਾਂ ਨੂੰ ਤੁਰੰਤ ਘਰਾਂ ਵਿੱਚ ਖੜ੍ਹਾ ਰੱਖਣ, ਕਿਉਂਕਿ ਜੇ ਕੋਈ ਵੀ ਬਿਨਾਂ ਨਿਯਮਾਂ ਵਾਲਾ ਵਾਹਨ ਜਾਂ ਰੇਹੜੀ ਸੜਕ ’ਤੇ ਮਿਲੀ ਤਾਂ ਤੁਰੰਤ ਭਾਰੀ ਚਲਾਨ ਕੀਤਾ ਜਾਵੇਗਾ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸੜਕ ਸੁਰੱਖਿਆ ਅਤੇ ਕਾਨੂੰਨੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਹ ਮੁਹਿੰਮ ਸਖ਼ਤੀ ਨਾਲ ਜਾਰੀ ਰਹੇਗੀ।

