ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਘੋਸ਼ਣਾ ਕੀਤੀ ਕਿ ਪਾਰਟੀ ਵੱਲੋਂ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਅਗਲੇ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਚੁਣਿਆ ਗਿਆ ਹੈ।
ਇਹ ਫੈਸਲਾ ਐਸ.ਜੀ.ਪੀ.ਸੀ. ਦੇ ਮੈਂਬਰ ਸਹਿਬਾਨ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਲਿਆ ਗਿਆ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਧਾਮੀ ਸਾਬ੍ਹ ਨੇ ਹਮੇਸ਼ਾਂ ਪੰਥ ਦੇ ਸਿਧਾਂਤਾਂ ਅਨੁਸਾਰ ਨਿਸ਼ਕਾਮ ਸੇਵਾ ਕੀਤੀ ਹੈ ਅਤੇ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਉਹ ਅੱਗੇ ਵੀ ਪੰਥਕ ਇਕਤਾ ਅਤੇ ਸਿੱਖ ਸੰਗਤਾਂ ਦੇ ਹਿੱਤਾਂ ਦੀ ਰੱਖਿਆ ਲਈ ਆਪਣੀ ਨਿਭਾਈ ਜ਼ਿੰਮੇਵਾਰੀ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖਣਗੇ।
ਸ. ਬਾਦਲ ਨੇ ਸਾਰੇ ਐਸ.ਜੀ.ਪੀ.ਸੀ. ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਥ ਦੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਐਡਵੋਕੇਟ ਧਾਮੀ ਨੂੰ ਆਪਣਾ ਸਮਰਥਨ ਦੇਣ ਅਤੇ ਉਨ੍ਹਾਂ ਨੂੰ ਅਗਲੇ ਪ੍ਰਧਾਨ ਵਜੋਂ ਚੁਣਨ, ਤਾਂ ਜੋ ਕਮੇਟੀ ਦੀ ਸੇਵਾ ਅਤੇ ਪੰਥ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਮਿਲ ਸਕੇ।

