ਲੁਧਿਆਣਾ (ਸੰਦੀਪ ਚੱਢਾ) : ਵੇਰਕਾ ਮਿਲਕ ਪਲਾਂਟ ਨੇ ਪੰਜਾਬ ਭਰ 'ਚ ਦੁੱਧ ਦੀ ਵਿਕਰੀ ਕੀਮਤ 2 ਰੁਪਏ ਪ੍ਰਤੀ ਕਿਲੋ ਵਧਾਉਣ ਦਾ ਫੈਸਲਾ ਕੀਤਾ ਹੈ। ਦੁੱਧ ਦੀਆਂ ਕੀਮਤਾਂ ਵਿੱਚ ਇਹ ਵਾਧਾ 3 ਜੂਨ 2024 ਤੋਂ ਲਾਗੂ ਹੋਵੇਗਾ। ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ.ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਇਹ ਵਾਧਾ ਗਰਮੀਆਂ ਦੇ ਸੀਜ਼ਨ ਦੌਰਾਨ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ ਹੋਣ ਕਾਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਵਿੱਚ ਤਾਪਮਾਨ ਵਧਣ ਅਤੇ ਅੱਤ ਦੀ ਗਰਮੀ ਕਾਰਨ ਦੁੱਧ ਦੀ ਪੈਦਾਵਾਰ ਵਿੱਚ ਕਮੀ ਆ ਰਹੀ ਹੈ, ਜਿਸ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਨਤੀਜੇ ਵਜੋਂ, ਦੁੱਧ ਦੀ ਪ੍ਰੋਸੈਸਿੰਗ ਅਤੇ ਉਤਪਾਦਨ ਦੀਆਂ ਵਧਦੀਆਂ ਲਾਗਤਾਂ ਨੂੰ ਸੰਤੁਲਿਤ ਕਰਨ ਲਈ ਦੁੱਧ ਦੀ ਖਰੀਦ ਕੀਮਤ ਵਧਾਈ ਗਈ ਹੈ। ਵੇਰਕਾ ਲੁਧਿਆਣਾ ਡੇਅਰੀ ਨੇ 03.06.2024 ਸਵੇਰ ਤੋਂ ਵੇਰਕਾ ਦੁੱਧ ਦੇ ਰੇਟਾਂ ਵਿੱਚ ਬਦਲਾਅ ਕੀਤਾ ਹੈ ਅਤੇ ਵੇਰਕਾ ਦੁੱਧ ਦੇ ਨਵੇਂ ਰੇਟ ਤੈਅ ਕੀਤੇ ਗਏ ਹਨ।

